
Prime Minister Modi ਨੇ ਡਿਜੀਟਲ ਮਾਧਿਅਮ ਰਾਹੀਂ ਤਿੰਨ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ
Agartala: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਅਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨਾਲ ਡਿਜੀਟਲ ਮਾਧਿਅਮ ਰਾਹੀਂ ਤਿੰਨ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧ ਲਗਾਤਾਰ ਨਵੀਆਂ ਉਚਾਈਆਂ ’ਤੇ ਪਹੁੰਚ ਰਹੇ ਹਨ ਅਤੇ ਪਿਛਲੇ ਨੌਂ ਸਾਲਾਂ ਵਿਚ ਦੋਹਾਂ ਨੇ ਮਿਲ ਕੇ ਜਿੰਨਾ ਕੰਮ ਕੀਤਾ ਹੈ ਉਹ ਕਈ ਦਹਾਕਿਆਂ ’ਚ ਵੀ ਨਹੀਂ ਕੀਤਾ ਗਿਆ।
ਮੋਦੀ ਅਤੇ ਹਸੀਨਾ ਵਲੋਂ ਉਦਘਾਟਨ ਕੀਤੇ ਗਏ ਪ੍ਰਾਜੈਕਟਾਂ ’ਚ ਤ੍ਰਿਪੁਰਾ ’ਚ ਨਿਸ਼ਚੰਤਪੁਰ ਅਤੇ ਬੰਗਲਾਦੇਸ਼ ’ਚ ਗੰਗਾਸਾਗਰ ਵਿਚਕਾਰ ਇਕ ਮਹੱਤਵਪੂਰਨ ਰੇਲ ਲਿੰਕ, 65 ਕਿਲੋਮੀਟਰ ਲੰਮੀ ਖੁੱਲਨਾ-ਮੋਂਗਲਾ ਬੰਦਰਗਾਹ ਰੇਲ ਲਾਈਨ ਅਤੇ ਬੰਗਲਾਦੇਸ਼ ’ਚ ਰਾਮਪਾਲ ਵਿਖੇ ‘ਮਿੱਤਰੀ ਸੁਪਰ ਥਰਮਲ ਪਾਵਰ ਪਲਾਂਟ’ ਦੀ ਦੂਜੀ ਯੂਨਿਟ ਸ਼ਾਮਲ ਹਨ।
ਲਗਭਗ 15 ਕਿਲੋਮੀਟਰ ਲੰਮੇ ਅਗਰਤਲਾ-ਅਖੌਰਾ ਕਰਾਸ ਬਾਰਡਰ ਰੇਲ ਲਿੰਕ ਤੋਂ ਸਰਹੱਦ ਪਾਰ ਵਪਾਰ ਨੂੰ ਹੁਲਾਰਾ ਦੇਣ ਅਤੇ ਢਾਕਾ ਰਾਹੀਂ ਅਗਰਤਲਾ ਅਤੇ ਕੋਲਕਾਤਾ ਵਿਚਕਾਰ ਯਾਤਰਾ ਦੇ ਸਮੇਂ ਨੂੰ ਮਹੱਤਵਪੂਰਨ ਤੌਰ ’ਤੇ ਘਟਾਉਣ ਦੀ ਉਮੀਦ ਹੈ। ਮੋਦੀ ਨੇ ਵੀਡੀਉ ਕਾਨਫਰੰਸ ਰਾਹੀਂ ਹਸੀਨਾ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਭਾਰਤ-ਬੰਗਲਾਦੇਸ਼ ਸਹਿਯੋਗ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਇਕ ਵਾਰ ਫਿਰ ਇਕੱਠੇ ਹੋਏ ਹਾਂ।’’ ਹਸੀਨਾ ਨੇ ਕਿਹਾ ਕਿ ਤਿੰਨੇ ਪ੍ਰਾਜੈਕਟ ਦੋਵਾਂ ਦੇਸ਼ਾਂ ਵਿਚਾਲੇ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ, ‘‘ਇਨ੍ਹਾਂ ਮਹੱਤਵਪੂਰਨ ਪ੍ਰਾਜੈਕਟਾਂ ਦਾ ਸਾਂਝਾ ਉਦਘਾਟਨ ਦਰਸਾਉਂਦਾ ਹੈ ਕਿ ਸਾਡੇ ’ਚ ਦੋਸਤੀ ਅਤੇ ਸਹਿਯੋਗ ਦਾ ਇਕ ਮਜ਼ਬੂਤ ਬੰਧਨ ਹੈ। ਮੈਂ ਸਤੰਬਰ ’ਚ ਜੀ-20 ਸਿਖਰ ਸੰਮੇਲਨ ’ਚ ਅਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਨਿੱਘੀ ਮਹਿਮਾਨਨਿਵਾਜ਼ੀ ਲਈ ਵੀ ਧੰਨਵਾਦ ਕਰਦੀ ਹਾਂ।’’
ਉਨ੍ਹਾਂ ਕਿਹਾ, ‘‘ਅਸੀਂ ਬੰਗਲਾਦੇਸ਼ ਦਾ ਸਭ ਤੋਂ ਵੱਡਾ ਵਿਕਾਸ ਭਾਈਵਾਲ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ। ਪਿਛਲੇ ਨੌਂ ਸਾਲਾਂ ਵਿਚ, ਵੱਖ-ਵੱਖ ਖੇਤਰਾਂ ’ਚ ਵਿਕਾਸ ਕਾਰਜਾਂ ਲਈ ਲਗਭਗ 10 ਬਿਲੀਅਨ ਡਾਲਰ ਮੁਹੱਈਆ ਕਰਵਾਏ ਗਏ ਹਨ। ਅਸੀਂ ਮਿਲ ਕੇ ਪੁਰਾਣੇ, ਲੰਬਿਤ ਪਏ ਕੰਮ ਪੂਰੇ ਕੀਤੇ ਹਨ ਪਰ ਅੱਜ ਦੇ ਪ੍ਰੋਗਰਾਮ ਦੀ ਇਕ ਹੋਰ ਵਿਸ਼ੇਸ਼ਤਾ ਹੈ।’’