
ਵਕੀਲਾਂ ਨੇ ਚਾਰ ਮੰਗਾਂ ਕੇਜਰੀਵਾਲ ਸਾਹਮਣੇ ਰੱਖੀਆਂ
ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਰਾਤ ਨਵੀਂ ਦਿੱਲੀ ਦੇ ਕੁੱਝ ਵਕੀਲਾਂ ਨੂੰ ਨਾਲ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਮੁਖੀ ਅਰਵਿੰਦ ਕੇਜਰੀਵਾਲ ਨੂੰ ਮਿਲੇ। ਮੁਲਾਕਾਤ ਦੌਰਾਨ ਵਕੀਲਾਂ ਨੇ ਅਪਣੀਆਂ ਮੰਗਾਂ ਕੇਜਰੀਵਾਲ ਸਾਹਮਣੇ ਰਖੀਆਂ, ਜਿਨ੍ਹਾਂ ਨੇ ਭਰੋਸਾ ਦਿਤਾ ਕਿ ਜੇਕਰ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਵਕੀਲਾਂ ਦੇ ਮੁੱਦਿਆਂ ਦਾ ਹੱਲ ਸਭ ਤੋਂ ਪਹਿਲਾਂ ਕਰਨਗੇ।
ਮੀਟਿੰਗ ਬਾਰੇ ਦਸਦਿਆਂ ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, ‘‘ਬਹੁਤ ਚੰਗੀ ਮੁਲਾਕਾਤ ਅਰਵਿੰਦ ਕੇਜਰੀਵਾਲ ਜੀ ਨਾਲ ਹੋਈ। ਦਿੱਲੀ ਦੇ ਵਕੀਲਾਂ ਨਾਲ ਸਬੰਧਤ ਕੁੱਝ ਮੁੱਦੇ ਸਨ, ਸੀਨੀਅਰ ਵਕੀਲ ਕੇ.ਸੀ. ਮਿੱਤਲ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਪਣੇ ਮੁੱਦਿਆਂ ਨੂੰ ਕੇਜਰੀਵਾਲ ਜੀ ਸਾਹਮਣੇ ਰਖਿਆ ਹੈ। ਜਿਨ੍ਹਾਂ ਨੂੰ ਹੱਲ ਕਰਨ ਦਾ ਕੇਜਰੀਵਾਲ ਜੀ ਨੇ ਭਰੋਸਾ ਦਿਤਾ ਹੈ।’’
ਰਾਕੇਸ਼ ਟਿਕੈਤ ਨੇ ਵੀ ਪੱਤਰਕਾਰਾਂ ਨੂੰ ਘਰ ਤੋਂ ਬਾਹਰ ਨਿਕਲਦਿਆਂ ਦਸਿਆ, ‘‘ਇਥੋਂ ਦੇ ਵਕੀਲਾਂ ਦੇ ਕੁੱਝ ਭਲਾਈ ਬਾਰੇ ਮੁੱਦੇ ਹਨ ਜਿਨ੍ਹਾਂ ਬਾਰੇ ਕੇਜਰੀਵਾਲ ਜੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਉਹ ਪਹਿਲੀ ਕੈਬਿਨੇਟ ਮੀਟਿੰਗ ’ਚ ਇਨ੍ਹਾਂ ਮੁੱਦਿਆਂ ਦਾ ਹੱਲ ਕਰਨਗੇ। ਮਿੱਤਲ ਜੀ ਨੇ ਇਕ ਅਦਾਲਤ ਤੋਂ ਦੂਜੀ ਅਦਾਲਤ ਤਕ ਗੱਡੀਆਂ ਮੁੜ ਚਲਾਉਣ ਦੀ ਮੰਗ ਕੀਤੀ ਹੈ, ਕਿਉਂਕਿ ਵਕੀਲਾਂ ਨੂੰ ਪਟਿਆਲਾ ਹਾਊਸ ਕੋਰਟ ਤੋਂ ਸਾਕੇਤ ਅਦਾਲਤ ਤਕ ਜਾਣ ’ਚ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਵਕੀਲ ਸੁਰੱਖਿਆ ਐਕਟ ਬਣਾਉਣ ਦਾ ਵੀ ਭਰੋਸਾ ਦਿਤਾ ਹੈ।’’
ਖ਼ੁਦ ਕੇ.ਸੀ. ਮਿੱਤਲ ਨੇ ਕਿਹਾ, ‘‘ਅਸੀਂ ਮਈ 2023 ’ਚ ਦਿੱਲੀ ਸਰਕਾਰ ਨੂੰ ਵਕੀਲ ਸੁਰੱਖਿਆ ਐਕਟ ਦਾ ਖਰੜਾ ਦਿੱਲੀ ਸਰਕਾਰ ਨੂੰ ਦਿਤਾ ਸੀ। ਕੇਜਰੀਵਾਲ ਨੇ ਕਿਹਾ ਕਿ ਵਿਭਾਗ ਨੇ ਉਸ ਨੂੰ ਮਨਜ਼ੂਰ ਕਰ ਦਿਤਾ ਹੈ ਅਤੇ ਇਸ ਨੂੰ ਸਿਰਫ਼ ਕੈਬਨਿਟ ’ਚ ਪਾਸ ਕਰ ਕੇ ਵਿਧਾਨ ਸਭਾ ’ਚ ਭੇਜਣਾ ਹੈ, ਜਿਸ ਦਾ ਭਰੋਸਾ ਅੱਜ ਕੇਜਰੀਵਾਲ ਜੀ ਨੇ ਦੇ ਦਿਤਾ ਹੈ। ਇਹ ਬਹੁਤ ਵੱਡੀ ਗੱਲ ਹੈ।’’
ਇਸ ਤੋਂ ਇਲਾਵਾ ਵਕੀਲਾਂ ਨੇ ਸਾਬਕਾ ਮੁੱਖ ਮੰਤਰੀ ਸਾਹਮਣੇ ਸਾਰੇ ਬਾਰ ਕੌਂਸਲ ਦਿੱਲੀ ਨਾਲ ਰਜਿਸਟਰਡ ਸਾਰੇ ਵਕੀਲਾਂ ਲਈ ਜੀਵਨ ਬੀਮਾ ਮੁਹਈਆ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਪਟਿਆਲਾ ਹਾਊਸ ਕੋਰਟ ਲਈ ਮੁਰੰਮਤ ਦੇ ਫ਼ੰਡ ਵੀ ਤੁਰਤ ਜਾਰੀ ਕਰਨ ਦੀ ਵੀ ਮੰਗ ਕੀਤੀ।