
New Delhi News: ਰਾਸ਼ਟਰੀ ਰਾਜਧਾਨੀ ’ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘਟੀ
New Delhi News: ਖ਼ਰਾਬ ਮੌਸਮ ਕਾਰਨ ਸ਼ੁਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਰਾਸ਼ਟਰੀ ਰਾਜਧਾਨੀ ’ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਅਧਿਕਾਰੀ ਨੇ ਕਿਹਾ ਕਿ 100 ਤੋਂ ਵੱਧ ਉਡਾਣਾਂ ਦੇ ਸੰਚਾਲਨ ਵਿਚ ਦੇਰੀ ਹੋਈ ਹੈ, ਫ਼ਿਲਹਾਲ ਕਿਸੇ ਵੀ ਉਡਾਣ ਨੂੰ ਡਾਇਵਰਟ ਨਹੀਂ ਕੀਤਾ ਗਿਆ ਹੈ।
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀਆਈਏਐਲ) ਨੇ ਸਵੇਰੇ 6 ਵੱਜ ਕੇ 35 ਮਿੰਟ ’ਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ‘‘ਦਿੱਲੀ ਹਵਾਈ ਅੱਡੇ ’ਤੇ ਲੈਂਡਿੰਗ’ ਅਤੇ ‘ਟੇਕਆਫ਼’ ਜਾਰੀ ਰਹਿਣ ਦੇ ਬਾਵਜੂਦ, ਜਿਹੜੀਆਂ ਉਡਾਣਾਂ ਕੈਟ-3 ਦੇ ਮੁਤਾਬਕ ਨਹੀਂ ਹਨ, ਉਹ ਪ੍ਰਭਾਵਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਫ਼ਲਾਈਟ ਦੀ ਅੱਪਡੇਟ ਜਾਣਕਾਰੀ ਲਈ ਸਬੰਧਤ ਏਅਰਲਾਈਨਜ਼ ਨਾਲ ਸੰਪਰਕ ਕਰਨ। ਸਾਨੂੰ ਕਿਸੇ ਵੀ ਅਸੁਵਿਧਾ ਲਈ ਡੂੰਘਾ ਅਫ਼ਸੋਸ ਹੈ।” ਕੈਟ-3 ਦੀ ਸਹੂਲਤ ਘੱਟ ਦਿੱਖ ਵਾਲੀਆਂ ਸਥਿਤੀਆਂ ਵਿਚ ਵੀ ਜਹਾਜ਼ਾਂ ਨੂੰ ਉਡਾਣ ਭਰਨ ਦੀ ਆਗਿਆ ਦਿੰਦੀ ਹੈ।