
ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਾਸ਼ਨ ਤੋਂ ਬਾਅਦ ਕਿਸਾਨੀ ਅੰਦੋਲਨ ਸਿਖਰਾਂ ਛੂਹ ਗਿਆ ਹੈ...
ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਾਸ਼ਨ ਤੋਂ ਬਾਅਦ ਕਿਸਾਨੀ ਅੰਦੋਲਨ ਸਿਖਰਾਂ ਛੂਹ ਗਿਆ ਹੈ, ਜਿਸ ਨੇ ਸੱਤਾਧਾਰੀ ਧਿਰ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ ਹੈ। ਸਰਕਾਰ ਵਲੋਂ ਸੁਰੱਖਿਆ ਦੇ ਨਾਂ ‘ਤੇ ਦਿੱਲੀ ਦੇ ਬਾਰਡਰਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਕੰਕਰੀਟ ਅਤੇ ਸੀਮਿੰਟ ਦੀਆਂ ਮਜ਼ਬੂਤ ਕੰਧਾਂ ਉਸਾਰੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ, ਸੀਮਿੰਟ ਬਜ਼ਰੀ ਦੇ ਮਜ਼ਬੂਤ ਘੋਲ ਵਿਚ ਨੋਕਦਾਰ ਸਰੀਏ ਲਾਏ ਜਾ ਰਹੇ ਹਨ ਤਾਂ ਜੋ ਕੋਈ ਪੈਦਲ ਜਾਂ ਟਰੈਕਟਰ ਬਗੈਰਾ ਇਨ੍ਹਾਂ ਤੋਂ ਪਾਰ ਨਾ ਜਾ ਸਕੇ।
Singhu Border
ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕ ਇਸ ਨੂੰ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਦੱਸ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੂਜੇ ਪਾਸੇ ਕਿਸਾਨਾਂ ਵਲੋਂ ਅੰਦੋਲਨ ਹਰ ਹਾਲ ਸ਼ਾਂਤੀਪੂਰਵਕ ਰੱਖਣ ਦੇ ਐਲਾਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਮੁਤਾਬਕ 26/1 ਨੂੰ ਹੋਈਆਂ ਘਟਨਾਵਾਂ ਵੀ ਸੱਤਾਧਾਰੀ ਧਿਰ ਵਲੋਂ ਭੇਜੇ ਸ਼ਰਾਰਤੀ ਅਨਸਰਾਂ ਕਾਰਨ ਹੀ ਵਾਪਰੀਆਂ ਹਨ, ਜਦਕਿ ਕਿਸਾਨਾਂ ਦੀ ਅਜਿਹੀ ਕੋਈ ਮਨਸ਼ਾ ਨਹੀਂ ਸੀ।
Kissan
ਸਰਕਾਰ ਦੀਆਂ ਮੌਜੂਦਾ ਤਿਆਰੀਆਂ ਨੂੰ ਕਿਸੇ ਵੱਡੀ ਸ਼ਰਾਰਤ ਦੀਆਂ ਤਿਆਰੀਆਂ ਵਜੋਂ ਵੀ ਵੇਖਿਆ ਜਾ ਰਿਹਾ ਹੈ। ਅੱਜ ਸਿੰਘੂ ਬਾਰਡਰ 'ਤੇ ਪ੍ਰਸ਼ਾਸਨ ਵਲੋਂ ਲਗਾਈਆਂ ਰੋਕਾਂ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਹੱਥਾਂ 'ਚ ਕਿਸਾਨੀ ਦੇ ਝੰਡੇ ਲੈ ਕੇ ਮੇਨ ਬੈਰੀਕੇਡ 'ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ 'ਰਸਤਾ ਖੋਲ੍ਹੋ-ਰਸਤਾ ਖੋਲ੍ਹੋ' ਦੀਆਂ ਚੁਫੇਰੇ ਆਵਾਜ਼ਾਂ ਗੂੰਜਣ ਲੱਗੀਆਂ।
Delhi Police
ਕਰੀਬ 1 ਘੰਟਾ ਮਾਹੌਲ ਤਣਾਅਪੂਰਨ ਬਣਿਆ ਰਿਹਾ। ਇਸ ਉਪਰੰਤ ਪਹੁੰਚੇ ਸੁਰੱਖਿਆ ਅਧਿਕਾਰੀਆਂ 'ਚੋਂ ਉਚ ਅਧਿਕਾਰੀ ਪਟੇਲ ਅਤੇ ਕਿਸਾਨ ਆਗੂਆਂ 'ਚ ਵਿਚਾਲੇ ਗੱਲਬਾਤ ਹੋਈ ਅਤੇ ਇਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ।