
ਖੇਤੀ ਕਾਨੂੰਨ ਵਾਪਸ ਲਵੇ ਸਰਕਾਰ, ਦੇਸ਼ ਲਈ ਕਿਸਾਨ ਤੇ ਜਵਾਨ ਜ਼ਰੂਰੀ- ਗੁਲਾਮ ਨਬੀ ਆਜ਼ਾਦ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਮੁੱਦੇ ‘ਤੇ ਅੱਜ ਰਾਜ ਸਭਾ ਵਿਚ ਭਾਰੀ ਹੰਗਾਮਾ ਹੋਇਆ। ਇਸ ਦੇ ਚਲਦਿਆਂ ਕਾਂਗਰਸ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਸਮੇਤ ਹੋਰ ਧਿਰਾਂ ਨੇ ਖੇਤੀ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਰਾਜ ਸਭਾ ਵਿਚ ਚਰਚਾ ਲਈ ਨੋਟਿਸ ਦਿੱਤਾ। ਇਸ ਦੌਰਾਨ ਕਿਸਾਨ ਮੁੱਦੇ ‘ਤੇ ਚਰਚਾ ਲਈ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਸਹਿਮਤੀ ਬਣ ਗਈ।
Rajya Sabha
ਰਾਜ ਸਭਾ ਵਿਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਲਈ ਕਾਨੂੰਨ ਬਣਾਏ ਗਏ, ਜਿਨ੍ਹਾਂ ਨੂੰ ਕਿਸਾਨਾਂ ਨੇ ਪਸੰਦ ਨਹੀਂ ਕੀਤਾ, ਤਾਂ ਉਹਨਾਂ ਨੂੰ ਵਾਪਸ ਲਿਆ ਗਿਆ। ਜਦੋਂ ਇਸ ਵਾਰ ਵੀ ਕਿਸਾਨ ਖੇਤੀ ਕਾਨੂੰਨਾਂ ਨੂੰ ਪਸੰਦ ਕਰ ਰਹੇ ਤਾਂ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
Ghulam Nabi Azad
ਉਹਨਾਂ ਕਿਹਾ ਦੇਸ਼ ਲਈ ਕਿਸਾਨ ਅਤੇ ਜਵਾਨ ਜ਼ਰੂਰੀ ਹੈ। ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਹਨਾਂ ਨਾਲ ਲੜਨਾ ਨਹੀਂ ਚਾਹੀਦਾ। ਲੜਨਾ ਹੈ ਤਾਂ ਪਾਕਿਸਤਾਨ ਅਤੇ ਚੀਨ ਨਾਲ ਲੜੋ ਕਿਸਾਨਾਂ ਨਾਲ ਨਹੀਂ। ਕਿਸਾਨਾਂ ਨਾਲ ਲੜ ਕੇ ਕੁਝ ਨਹੀਂ ਮਿਲੇਗਾ।
Farmers Protest
ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਿਸਾਨਾਂ ਦੀ ਤਾਕਤ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਹਨਾਂ ਨਾਲ ਲੜਾਈ ਕਰਕੇ ਅਸੀਂ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕਦੇ। ਕਾਂਗਰਸ ਆਗੂ ਨੇ 1900 ਦੇ ਦਹਾਕੇ ਵਿਚ ਪੰਜਾਬ ਵਿਚ ਹੋਏ ਕਿਸਾਨ ਅੰਦੋਲਨਾਂ ਦੌਰਾਨ ਮਸ਼ਹੂਰ ਗੀਤ ‘ਪਗੜੀ ਸੰਭਾਲ ਜੱਟਾ ਪਗੜੀ ਸੰਭਾਲ’ ਦੀਆਂ ਕੁਝ ਪੰਕਤੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕਿਸਾਨਾਂ ਨੇ ਅੰਗਰੇਜ਼ ਸਰਕਾਰ ਨੂੰ ਅਪਣੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ।
PM Modi and Ghulam Nabi Azad
ਦੱਸ ਦਈਏ ਕਿ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਕਿਸਾਨੀ ਮੁੱਦੇ ‘ਤੇ ਚਰਚਾ ਲਈ ਅੜੀਆਂ ਰਹੀਆਂ। ਇਸ ਦੌਰਾਨ ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਸਦਨ ਵਿਚ ਨਾਅਰੇਬਾਜ਼ੀ ਕੀਤੀ। ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਲਈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਨੂੰ ਦਿਨ ਭਰ ਲਈ ਮੁਅੱਤਲ ਕਰ ਦਿੱਤਾ।