
ਤਕਨਾਲੋਜੀ ਨਿਆਂ ਦਾ ਤਾਕਤਵਰ ਜ਼ਰੀਆ ਬਣੇ ਕੇ ਉੱਭਰਿਆ ਹੈ: ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ
ਨਵੀਂ ਦਿੱਲੀ: ਕਾਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀ.ਐੱਲ.ਈ.ਏ.) ਕਾਮਨਵੈਲਥ ਅਟਾਰਨੀ ਐਂਡ ਸਾਲਿਸਿਟਰਜ਼ ਜਨਰਲ ਕਾਨਫਰੰਸ ’ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸ਼ਿਰਕਤ ਕੀਤੀ ਅਤੇ ਮੰਚ ਸਾਂਝਾ ਕੀਤਾ। ਇਸ ਮੌਕੇ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਸੀਨੀਅਰ ਜੱਜ ਅਤੇ ਕਾਨੂੰਨੀ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂਚ ਅਤੇ ਨਿਆਂ ਪ੍ਰਦਾਨ ਕਰਨ ’ਚ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਅਪਰਾਧੀ ਵੱਖ-ਵੱਖ ਖੇਤਰਾਂ ’ਚ ਵਿੱਤ ਅਤੇ ਸੰਚਾਲਨ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ-ਦੂਜੇ ਦੇ ਅਧਿਕਾਰ ਖੇਤਰ ਦਾ ਸਨਮਾਨ ਕਰਦੇ ਹੋਏ ਸਹਿਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ ਤਾਂ ਅਧਿਕਾਰ ਖੇਤਰ ਬਿਨਾਂ ਦੇਰੀ ਦੇ ਨਿਆਂ ਦੇਣ ਦਾ ਸਾਧਨ ਬਣ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕ੍ਰਿਪਟੋਕਰੰਸੀ ਅਤੇ ਸਾਈਬਰ ਖਤਰਿਆਂ ਦੇ ਵਾਧੇ ਨੇ ਨਵੀਆਂ ਚੁਨੌਤੀਆਂ ਪੈਦਾ ਕੀਤੀਆਂ ਹਨ ਅਤੇ ਨਿਆਂ ਪ੍ਰਣਾਲੀ ਨੂੰ ਵਧੇਰੇ ਲਚਕਦਾਰ ਅਤੇ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ। ਕਾਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀ.ਐਲ.ਈ.ਏ.) - ਕਾਮਨਵੈਲਥ ਅਟਾਰਨੀ ਐਂਡ ਸਾਲਿਸਿਟਰਜ਼ ਜਨਰਲ ਕਾਨਫਰੰਸ (ਸੀ.ਏ.ਐੱਸ.ਜੀ.ਸੀ.) ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਹੀ ਹਵਾਈ ਆਵਾਜਾਈ ਕੰਟਰੋਲ ਅਤੇ ਸਮੁੰਦਰੀ ਆਵਾਜਾਈ ਦੇ ਖੇਤਰਾਂ ਵਿਚ ਇਕ-ਦੂਜੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਜਾਂਚ ਅਤੇ ਨਿਆਂ ਪ੍ਰਦਾਨ ਕਰਨ ’ਚ ਸਹਿਯੋਗ ਦੀ ਵਕਾਲਤ ਵੀ ਕੀਤੀ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ, ਤਾਂ ਅਧਿਕਾਰ ਖੇਤਰ ਬਿਨਾਂ ਦੇਰੀ ਕੀਤੇ ਨਿਆਂ ਦੇਣ ਦਾ ਇਕ ਸਾਧਨ ਬਣ ਜਾਂਦਾ ਹੈ।’’ ਮੋਦੀ ਨੇ ਕਿਹਾ ਕਿ ਅਪਰਾਧ ਦੀ ਪ੍ਰਕਿਰਤੀ ਅਤੇ ਦਾਇਰੇ ’ਚ ਇਕ ਮਿਸਾਲੀ ਤਬਦੀਲੀ ਵੇਖੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਕ ਦੇਸ਼ ਵਿਚ ਨਿਆਂ ਯਕੀਨੀ ਬਣਾਉਣ ਲਈ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ। ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀਆਂ ਚੁਨੌਤੀਆਂ ਦਾ ਸਾਹਮਣਾ 20ਵੀਂ ਸਦੀ ਦੇ ਦ੍ਰਿਸ਼ਟੀਕੋਣ ਨਾਲ ਨਹੀਂ ਕੀਤਾ ਜਾ ਸਕਦਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਖੇਤਰ ’ਚ ਆਰਥਕ ਅਪਰਾਧਾਂ ਦੀ ਵਰਤੋਂ ਦੂਜੇ ਖੇਤਰਾਂ ’ਚ ਗਤੀਵਿਧੀਆਂ ਨੂੰ ਵਿੱਤ ਦੇਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਕ੍ਰਿਪਟੋਕਰੰਸੀ ਅਤੇ ਸਾਈਬਰ ਖਤਰਿਆਂ ਦੇ ਵਾਧੇ ਦੇ ਨਾਲ, ਨਵੀਆਂ ਚੁਨੌਤੀਆਂ ਉੱਭਰ ਰਹੀਆਂ ਹਨ... ਮੁੜ ਵਿਚਾਰ ਕਰਨ, ਮੁੜ ਕਲਪਨਾ ਕਰਨ ਅਤੇ ਸੁਧਾਰ ਦੀ ਲੋੜ ਹੈ।
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸਨਿਚਰਵਾਰ ਨੂੰ ਕਿਹਾ ਕਿ ਤਕਨਾਲੋਜੀ ਨਿਆਂ ਦੇ ਇਕ ਤਾਕਤਵਰ ਜ਼ਰੀਏ ਵਜੋਂ ਉੱਭਰੀ ਹੈ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਤਕਨੀਕੀ ਵਾਤਾਵਰਣ ਨੂੰ ਬਰਾਬਰੀ ਅਤੇ ਸਮਾਵੇਸ਼ੀਤਾ ਨਾਲ ਤਿਆਰ ਕੀਤਾ ਜਾਵੇ।
ਚੀਫ਼ ਜਸਟਿਸ ਨੇ ਕਿਹਾ ਕਿ ਨਿਆਂ ਪ੍ਰਤੀ ਸਾਂਝੀ ਵਚਨਬੱਧਤਾ ਦੀ ਮਹੱਤਤਾ ਨੂੰ ਪਛਾਣਨ ਦੀ ਜ਼ਰੂਰਤ ਹੈ। ਕਾਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀ.ਐੱਲ.ਈ.ਏ.) ਕਾਮਨਵੈਲਥ ਅਟਾਰਨੀ ਐਂਡ ਸਾਲਿਸਿਟਰਜ਼ ਜਨਰਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕਾਨੂੰਨੀ ਅਧਿਕਾਰੀ ਰਾਜਨੀਤੀ ਤੋਂ ਪ੍ਰਭਾਵਤ ਨਾ ਹੋਣ ਅਤੇ ਕਾਨੂੰਨੀ ਕਾਰਵਾਈ ਦੀ ਅਖੰਡਤਾ ਨੂੰ ਯਕੀਨੀ ਬਣਾਉਂਦੇ ਹੋਏ ਅਦਾਲਤਾਂ ਵਿਚ ਸਨਮਾਨ ਨਾਲ ਵਿਵਹਾਰ ਕਰਨ।
ਉਨ੍ਹਾਂ ਕਿਹਾ, ‘‘ਅਸੀਂ ਪਰੰਪਰਾ ਅਤੇ ਨਵੀਨਤਾ ਦੇ ਚੌਰਾਹੇ ’ਤੇ ਖੜ੍ਹੇ ਹਾਂ; ਤਕਨਾਲੋਜੀ ਨਿਆਂ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਉਭਰੀ ਹੈ। ਹਾਲਾਂਕਿ ਇਸ ਨਾਲ ਨਿਆਂ ਦੀ ਗਤੀ ਅਤੇ ਪਹੁੰਚ ’ਚ ਵਾਧਾ ਹੋਣ ਦੀ ਉਮੀਦ ਹੈ, ਸਾਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ।’’