
ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਪਾਰਸ ਦਲਾਲ ਦੇ ਛੁੱਟੀ ’ਤੇ ਹੋਣ ਕਾਰਨ ਹੁਕਮ ਕੀਤੇ ਮੁਲਤਵੀ
ਦਿੱਲੀ ਦੀ ਇਕ ਅਦਾਲਤ 4 ਫ਼ਰਵਰੀ ਨੂੰ ਫੈਸਲਾ ਕਰੇਗੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਰਾਜੀਵ ਚੰਦਰਸ਼ੇਖਰ ਵਲੋਂ ਦਾਇਰ ਅਪਰਾਧਕ ਮਾਨਹਾਨੀ ਦੇ ਮਾਮਲੇ ’ਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਤਲਬ ਕੀਤਾ ਜਾਵੇ ਜਾਂ ਨਹੀਂ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਪਾਰਸ ਦਲਾਲ ਦੇ ਛੁੱਟੀ ’ਤੇ ਹੋਣ ਕਾਰਨ ਸੋਮਵਾਰ ਨੂੰ ਸੁਣਾਏ ਜਾਣ ਵਾਲੇ ਹੁਕਮ ਨੂੰ ਮੁਲਤਵੀ ਕਰ ਦਿਤਾ ਗਿਆ।
ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ ਥਰੂਰ ਨੇ ਕੌਮੀ ਟੈਲੀਵਿਜ਼ਨ ’ਤੇ ਝੂਠੇ ਅਤੇ ਅਪਮਾਨਜਨਕ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਭਾਜਪਾ ਨੇਤਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਤਿਰੂਵਨੰਤਪੁਰਮ ਹਲਕੇ ’ਚ ਵੋਟਰਾਂ ਨੂੰ ਰਿਸ਼ਵਤ ਦਿਤੀ ਸੀ। ਚੰਦਰਸ਼ੇਖਰ ਨੇ ਕਿਹਾ ਕਿ ਥਰੂਰ ਨੇ ਇਹ ਦੋਸ਼ ਉਨ੍ਹਾਂ ਦੀ ਸਾਖ ਘਟਾਉਣ ਅਤੇ ਪਿਛਲੀਆਂ ਆਮ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੇ ਇਰਾਦੇ ਨਾਲ ਲਗਾਏ ਹਨ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਦੋਸ਼ੀ ਦੇ ਕਹਿਣ ’ਤੇ ਵੱਖ-ਵੱਖ ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਇੰਟਰਵਿਊ ਪ੍ਰਕਾਸ਼ਿਤ ਕੀਤੀ ਗਈ ਅਤੇ ਇਸ ਦੇ ਨਤੀਜੇ ਵਜੋਂ ਸਮਾਜ ’ਚ ਸ਼ਿਕਾਇਤਕਰਤਾ ਦੀ ਸਾਖ ਖਰਾਬ ਹੋਈ, ਜਿਸ ਦੇ ਨਤੀਜੇ ਵਜੋਂ ਸ਼ਿਕਾਇਤਕਰਤਾ ਲੋਕ ਸਭਾ ਚੋਣਾਂ 2024 ਹਾਰ ਗਿਆ। ਅਦਾਲਤ ਨੇ 21 ਸਤੰਬਰ, 2024 ਨੂੰ ਸ਼ਿਕਾਇਤ ਦਾ ਨੋਟਿਸ ਲਿਆ ਸੀ।
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਥਰੂਰ ਨੂੰ ਮਾਨਹਾਨੀ ਦੇ ਮੁਕੱਦਮੇ ’ਚ ਤਲਬ ਕੀਤਾ ਸੀ, ਜਿਸ ’ਚ ਚੰਦਰਸ਼ੇਖਰ ਨੇ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਜਸਟਿਸ ਪੁਰਸ਼ਇੰਦਰ ਕੁਮਾਰ ਕੌਰਵ ਨੇ ਮਾਮਲੇ ਦੀ ਸੁਣਵਾਈ 28 ਅਪ੍ਰੈਲ ਤਕ ਲਈ ਮੁਲਤਵੀ ਕਰ ਦਿਤੀ। ਬੈਂਚ ਨੇ ਕਿਹਾ, ‘‘ਪਟੀਸ਼ਨ ਨੂੰ ਮੁਕੱਦਮੇ ਵਜੋਂ ਰਜਿਸਟਰ ਕੀਤਾ ਜਾਵੇ। ਬਚਾਅਕਰਤਾ (ਥਰੂਰ) ਨੂੰ ਸੰਮਨ ਜਾਰੀ ਕਰੋ। ਅਦਾਲਤ ਨੇ ਕਿਹਾ ਕਿ ਸੂਚੀ 28 ਅਪ੍ਰੈਲ ਨੂੰ ਜੁਆਇੰਟ ਰਜਿਸਟਰਾਰ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।’’