
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਨੀਤੀ ਅਤੇ ਨਵੀਂ ਰੀਤੀ ਵਾਲਾ ਨਵਾਂ ਹਿੰਦੁਸਤਾਨ ਹੈ। ਹੁਣ ਵੀਰ ਜਵਾਨਾਂ ਦੀ ਕੁਰਬਾਨੀ ਦਾ ਹਿਸਾਬ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਨੀਤੀ ਅਤੇ ਨਵੀਂ ਰੀਤੀ ਵਾਲਾ ਨਵਾਂ ਹਿੰਦੁਸਤਾਨ ਹੈ। ਹੁਣ ਵੀਰ ਜਵਾਨਾਂ ਦੀ ਕੁਰਬਾਨੀ ਦਾ ਹਿਸਾਬ ਚੁਣ-ਚੁਣ ਕੇ ਲੈਂਦਾ ਹੈ। ਪਟਨਾ ਦੇ ਗਾਂਧੀ ਮੈਦਾਨ ਵਿਚ ਐਨਡੀਏ ਦੀ ਸੰਕਲਪ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਦਲਾਂ ਦੇ ਨੇਤਾ ਸਾਡੇ ਜਵਾਨਾਂ ਦੀ ਬਹਾਦਰੀ ਅਤੇ ਸਾਹਸ ਉਤੇ ਸ਼ੱਕ ਕਰ ਰਹੇ ਹਨ, ਜਿਵੇਂ ਇਨ੍ਹਾਂ ਲੋਕਾਂ ਨੇ ਸਰਜੀਕਲ ਸਟਰਾਈਕ ਉਤੇ ਸਵਾਲ ਚੁੱਕੇ ਸਨ,ਉਸੇ ਤਰ੍ਹਾਂ ਹੀ ਉਹ ਹੁਣ ਅਤਿਵਾਦੀ ਟਿਕਾਣਿਆਂ ਉਤੇ ਹੋਏ ਹਵਾਈ ਹਮਲਿਆਂ ਦੇ ਸਬੂਤ ਮੰਗਣ ਲੱਗੇ ਹਨ।
ਉਨ੍ਹਾਂ ਨੇ ਕਿਹਾ ਕਿ ਤੁਸੀ ਸਾਰੇ ਗਵਾਹ ਹੋ, ਜਦੋਂ ਸਾਡੇ ਦੇਸ਼ ਦੀ ਕਾਬਿਲ ਫ਼ੌਜ ਅਤਿਵਾਦ ਨੂੰ ਕੁਚਲਣ ਵਿਚ ਜੁਟੀ ਹੈ। ਚਾਹੇ ਉਹ ਸੀਮਾ ਦੇ ਅੰਦਰ ਹੋਵੇ ਜਾਂ ਬਾਹਰ, ਅਜਿਹੇ ਸਮੇਂ ਵਿਚ ਦੇਸ਼ ਦੇ ਅੰਦਰ ਹੀ ਕੁਝ ਲੋਕ ਕੀ-ਕੀ ਕਰ ਰਹੇ ਹਨ? ਦੇਸ਼ ਦੀ ਫ਼ੌਜ ਦਾ ਹੌਂਸਲਾ ਵਧਾਉਣ ਦੀ ਬਜਾਏ ਉਹ ਅਜਿਹੇ ਕੰਮ ਕਰ ਰਹੇ ਹੈ, ਜਿਸ ਨਾਲ ਦੁਸ਼ਮਣਾਂ ਦੇ ਚਿਹਰੇ ਖਿੜ ਰਹੇ ਹਨ। ਸੁਰੱਖਿਆ ਚਾਹੇ ਗਰੀਬ ਦੀ ਹੋਵੇ ਜਾਂ ਦੇਸ਼ ਦੀ ਹੋਵੇ, ਦੇਸ਼ ਉਤੇ ਬੁਰੀ ਨਜ਼ਰ ਰੱਖਣ ਵਾਲਿਆਂ ਦੇ ਸਾਹਮਣੇ ਤੁਹਾਡਾ ਇਹ ਚੌਂਕੀਦਾਰ ਅਤੇ ਸਾਡਾ NDA ਗਠਜੋੜ ਦੀਵਾਰ ਬਣ ਕੇ ਖੜਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਅਤਿਵਾਦ ਦੀ ਫੈਕਟਰੀ ਚਲਾਉਣ ਵਾਲਿਆਂ ਦੇ ਵਿਰੁਧ ਇਕੋ ਅਵਾਜ਼ ਬਣ ਕੇ ਗੱਲ ਕਰਨ ਦੀ ਜ਼ਰੂਰਤ ਸੀ, ਉਦੋਂ ਦਿੱਲੀ ਵਿਚ 21 ਪਾਰਟੀਆਂ ਮਿਲ ਕੇ ਮੋਦੀ ਦੇ ਵਿਰੁਧ, ਕੇਂਦਰ ਦੀ NDA ਸਰਕਾਰ ਦੇ ਵਿਰੁਧ ਨਿੰਦਿਆ ਪ੍ਰਸਤਾਵ ਪਾਸ ਕਰਨ ਲਈ ਇਕੱਠੀਆਂ ਹੋਈਆਂ ਸਨ। ਗਰੀਬ ਅਤੇ ਮੱਧ ਵਰਗ ਦੇ ਮੁੜ੍ਹਕੇ ਉਤੇ ਜੋ ਅਪਣੀਆਂ ਦੁਕਾਨਾਂ ਚਲਾ ਰਹੇ ਸਨ ਉਹ ਹੁਣ ਤੁਹਾਡੇ ਇਸ ਚੌਂਕੀਦਾਰ ਤੋਂ ਪ੍ਰੇਸ਼ਾਨ ਹਨ ਅਤੇ ਇਸ ਲਈ ਮੈਨੂੰ ਗਾਲ੍ਹਾਂ ਦੇਣ ਦਾ ਮੁਕਾਬਲਾ ਚੱਲ ਰਿਹਾ ਹੈ, ਪਰ ਤੁਸੀ ਭਰੋਸਾ ਰੱਖੋ, ਤੁਹਾਡਾ ਇਹ ਚੌਂਕੀਦਾਰ ਪੂਰੀ ਤਰ੍ਹਾਂ ਤੋਂ ਚੌਕੰਨਾ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ ਕਿ ਤੁਹਾਡਾ ਪ੍ਰਧਾਨ ਸੇਵਕ ਹੋਣ ਦੇ ਨਾਤੇ ਮੈਨੂੰ ਕਈ ਵਾਰ ਬਿਹਾਰ ਆਉਣ ਦਾ ਮੌਕਾ ਮਿਲਿਆ ਹੈ। ਮੈਨੂੰ ਇਹ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਨਿਤੀਸ਼ ਬਾਬੂ ਵਰਗੇ ਸ੍ਰੇਸ਼ਠ, ਗਰੀਬਾਂ ਦੀ ਫਿਕਰ ਕਰਨ ਵਾਲੇ ਸਖਸ਼ੀਅਤ ਨੇ ਕਿਵੇਂ ਬਿਹਾਰ ਨੂੰ ਉਸ ਪੁਰਾਣੇ ਦੌਰ ਵਿਚੋਂ ਬਾਹਰ ਕੱਢ ਕੇ ਇਕ ਨਵੀਂ ਦਿਸ਼ਾ ਦਿਤੀ ਹੈ।
ਉਨ੍ਹਾਂ ਨੇ ਕਿਹਾ ਕਿ ਐਨਡੀਏ ਦੀ ਸਰਕਾਰ ਇਹ ਸੁਨਿਸ਼ਚਿਤ ਕਰਨ ਵਿਚ ਜੁਟੀ ਹੈ ਕਿ ਬਿਹਾਰ ਵਿਚ ਵਿਕਾਸ ਦੀ ਪੰਚਧਾਰਾ ਮਤਲਬ ਬੱਚਿਆਂ ਨੂੰ ਪੜਾਈ, ਨੌਜਵਾਨ ਨੂੰ ਰੋਜ਼ਗਾਰ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਵਿਅਕਤੀ-ਵਿਅਕਤੀ ਦੀ ਸੁਣਵਾਈ, ਇਹ ਸੁਨਿਸ਼ਚਿਤ ਹੋਵੇ।