
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਰਿਹਾਇਸ਼ ਨੇੜੇ ਹੋਏ ਆਤਮਘਾਤੀ ਬੰਬ ਹਮਲੇ ਵਿਚ ਅੱਠ ਪੁਲਿਸ ਮੁਲਾਜ਼ਮਾਂ ਸਣੇ ਘਟੋ-ਘੱਟ 22 ਜਣਿਆਂ ਦੀ ਮੌਤ ਹੋ ਗਈ ਅਤੇ..
ਲਾਹੌਰ/ਕਾਬੁਲ, 23 ਜੁਲਾਈ : ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਰਿਹਾਇਸ਼ ਨੇੜੇ ਹੋਏ ਆਤਮਘਾਤੀ ਬੰਬ ਹਮਲੇ ਵਿਚ ਅੱਠ ਪੁਲਿਸ ਮੁਲਾਜ਼ਮਾਂ ਸਣੇ ਘਟੋ-ਘੱਟ 22 ਜਣਿਆਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਦੂਜੇ ਪਾਸੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਕਾਰ ਬੰਬ ਧਮਾਕੇ ਵਿਚ 36 ਜਣੇ ਹਲਾਕ ਹੋ ਗਏ।
ਡੀ.ਆਈ.ਜੀ. ਹੈਦਰ ਅਸ਼ਰਫ਼ ਨੇ ਦਸਿਆ ਕਿ ਆਤਮਘਾਤੀ ਹਮਲਾਵਰ ਨੇ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਜਦਕਿ ਲਾਹੌਰ ਦੇ ਡੀ.ਸੀ.ਓ. ਨੇ ਕਿਹਾ ਕਿ ਫ਼ਿਰੋਜ਼ਪੁਰ ਇਲਾਕੇ ਵਿਚ ਹੋਏ ਧਮਾਕੇ ਦੇ ਜ਼ਖ਼ਮੀਆਂ ਵਿਚੋਂ 11 ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਾਹਤ ਕਾਰਜਾਂ ਦੀ ਅਗਵਾਈ ਕਰ ਰਹੀ ਦੀਬਾ ਸ਼ਹਿਨਾਜ਼ ਮੁਤਾਬਕ ਜਦੋਂ ਧਮਾਕਾ ਹੋਇਆ ਤਾਂ ਲਾਹੌਰ ਵਿਕਾਸ ਅਥਾਰਟੀ ਦੇ ਅਧਿਕਾਰੀ ਮੁੱਖ ਮੰਤਰੀ ਦੀ ਮਾਡਲ ਟਾਊਨ ਰਿਹਾਇਸ਼ ਨੇੜੇ ਨਾਜਾਇਜ਼ ਕਬਜ਼ੇ ਹਟਾ ਰਹੇ ਸਨ। ਧਮਾਕੇ ਪਿੱਛੋਂ ਸ਼ਹਿਰ ਦੇ ਹਸਪਤਾਲਾਂ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ। ਕਾਬੁਲ ਦੇ ਗੁਲਾਈ ਦਾਵਾ ਖਾਨਾ ਇਲਾਕੇ 'ਚ ਕਾਰ ਬੰਬ ਧਮਾਕੇ ਕਾਰਨ 36 ਜਣਿਆਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖ਼ਮੀ ਹੋ ਗਏ।
ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਤਾਲਿਬਾਨ ਨੇ ਲਈ ਹੈ। ਹਾਲ ਹੀ ਦੇ ਮਹੀਨਿਆਂ 'ਚ ਕਾਬੁਲ ਵਿਚ ਹੋਇਆ ਇਹ ਸੱਭ ਤੋਂ ਵੱਡਾ ਅਤਿਵਾਦੀ ਹਮਲਾ ਹੈ। ਘਟਨਾ ਅਫ਼ਗ਼ਾਨਿਸਤਾਨ ਸਰਕਾਰ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਮੁਹਾਕਿਕ ਦੇ ਘਰ ਨਜ਼ਦੀਕ ਵਾਪਰੀ।
ਇਸ ਇਲਾਕੇ 'ਚ ਜ਼ਿਆਦਾਤਰ ਸ਼ੀਆ ਮੁਸਲਮਾਨ ਵਸਦੇ ਹਨ। ਕਾਰ ਬੰਬ ਹਮਲੇ 'ਚ ਸਰਕਾਰੀ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਲਿਬਾਨ ਦੇ ਦਾਅਵੇ ਅਨੁਸਾਰ ਮਾਰੇ ਗਏ ਲੋਕ ਸਰਕਾਰ ਦੇ ਖ਼ੁਫ਼ੀਆ ਵਿਭਾਗ ਨਾਲ ਸਬੰਧਤ ਸਨ। ਉਨ੍ਹਾਂ ਦੀਆਂ ਦੋ ਬਸਾਂ 'ਤੇ ਪਿਛਲੇ ਕਈ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਅਤੇ ਮੌਕਾ ਮਿਲਦਿਆਂ ਹੀ ਨਿਸ਼ਾਨਾ ਬਣਾਇਆ ਗਿਆ।
ਖ਼ੁਫ਼ੀਆ ਏਜੰਸੀ ਨੈਸ਼ਨਲ ਡਾਇਰੈਕਟ੍ਰੇਟ ਆਫ਼ ਸਕਿਊਰਿਟੀ ਨੇ ਕਿਹਾ ਹੈ ਕਿ ਹਮਲੇ 'ਚ ਉਸ ਦਾ ਕੋਈ ਮੁਲਾਜ਼ਮ ਨਹੀਂ ਮਾਰਿਆ ਗਿਆ। ਘਟਨਾ ਸਮੇਂ ਨੇੜੀਉਂ ਗੁਜਰ ਰਹੇ ਤਿੰਨ ਵਾਹਨ ਅਤੇ 15 ਦੁਕਾਨਾਂ ਬਰਬਾਦ ਹੋ ਗਈਆਂ। ਹਮਲੇ 'ਚ ਵਾਲ-ਵਾਲ ਬਚੇ ਦੁਕਾਨਦਾਰ ਅਲੀ ਅਹਿਮਦ ਨੇ ਦਸਿਆ, ''ਜਿਵੇਂ ਹੀ ਉਹ ਦੁਕਾਨ ਖੋਲ੍ਹ ਕੇ ਬੈਠੇ, ਉਨ੍ਹਾਂ ਨੂੰ ਇਕ ਜ਼ੋਰਦਾਰ ਧਮਾਕਾ ਸੁਣਿਆ। ਧਮਾਕੇ ਦੇ ਨਾਲ ਹੀ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਸਮਾਨ ਜ਼ਮੀਨ 'ਤੇ ਬਿਖਰ ਗਿਆ। ਸੁਰੱਖਿਆ ਫ਼ੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਘਰਾਂ ਦੀ ਤਲਾਸ਼ੀ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਅਫ਼ਗ਼ਾਨਿਸਤਾਨ 'ਚ ਹੋਏ ਅਤਿਵਾਦੀ ਹਮਲਿਆਂ 'ਚ ਇਸ ਸਾਲ 1700 ਤੋਂ ਵੱਧ ਲੋਕ ਮਾਰੇ ਜਾ ਚੁਕੇ ਹਨ। ਜ਼ਿਆਦਾਤਰ ਹਮਲਿਆਂ 'ਚ ਪਾਕਿਸਤਾਨ ਸਮਰਥਤ ਤਾਲਿਬਾਨ ਦਾ ਹੱਥ ਰਿਹਾ ਹੈ। ਦੋ ਹਫ਼ਤੇ ਪਹਿਲਾਂ ਕਾਬੁਲ ਦੀ ਇਕ ਮਸਜਿਦ 'ਚ ਅਤਿਵਾਦੀ ਸੰਗਠਨ ਆਈ.ਐਸ. ਨੇ ਬੰਬ ਧਮਾਕਾ ਕੀਤਾ ਸੀ। ਇਸ ਘਟਨਾ 'ਚ ਚਾਰ ਲੋਕ ਮਾਰੇ ਗਏ ਸਨ। (ਪੀਟੀਆਈ)