
ਦੇਸ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੇਤੀ ਹੀ ਐਨਸੀਈਆਰਟੀ ਦੀਆਂ ਕਿਤਾਬਾਂ ਲਾਗੂ ਹੋਣਗੀਆਂ। ਇਹ ਉਨ੍ਹਾਂ ਮਾਪਿਆਂ ਲਈ ਇਕ ਵੱਡੀ ਰਾਹਤ ਹੈ ਜੋ ਅਪਣੇ ਬੱਚਿਆਂ..
ਕੋਲਕਾਤਾ, 25 ਜੁਲਾਈ: ਦੇਸ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੇਤੀ ਹੀ ਐਨਸੀਈਆਰਟੀ ਦੀਆਂ ਕਿਤਾਬਾਂ ਲਾਗੂ ਹੋਣਗੀਆਂ। ਇਹ ਉਨ੍ਹਾਂ ਮਾਪਿਆਂ ਲਈ ਇਕ ਵੱਡੀ ਰਾਹਤ ਹੈ ਜੋ ਅਪਣੇ ਬੱਚਿਆਂ ਲਈ ਮਹਿੰਗੀਆਂ ਕਿਤਾਬਾਂ ਖ਼ਰੀਦਣ ਤੋਂ ਅਸਮਰੱਥ ਸਨ।
ਕੇਂਦਰੀ ਸਕੂਲ ਸਿਖਿਆ ਅਤੇ ਸਾਖਰਤਾ ਮੰਤਰੀ ਅਨਿਲ ਸਵਰੂਪ ਨੇ ਐਸੋਚੈਮ ਵਲੋਂ ਸਿਖਿਆ ਸਬੰਧੀ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਸੀਬੀਐਸਈ ਦੇ ਲਗਭਗ 20 ਹਜ਼ਾਰ ਸਕੂਲ ਹਨ ਅਤੇ ਵਿਦਿਆਰਥੀ ਲਗਭਗ 13 ਕਰੋੜ ਦੀਆਂ ਕਿਤਾਬਾਂ ਵਰਤਦੇ ਹਨ। ਐਨਸੀਈਆਰਟੀ ਦੀ ਇਕ ਕਿਤਾਬ ਦੀ ਕੀਮਤ ਵਧ ਤੋਂ ਵਧ 50 ਰੁਪਏ ਹੈ ਜਦਕਿ ਗ਼ੈਰ ਐਨਸੀਈਆਰਟੀ ਦੀਆਂ ਕਿਤਾਬਾਂ ਦੀ ਕੀਮਤ 300 ਰੁਪਏ ਤਕ ਹੈ। ਉਨ੍ਹਾਂ ਕਿਹਾ ਕਿ ਐਨਸੀਈਆਰਟੀ ਦੀਆਂ ਕਿਤਾਬਾਂ ਖ਼ਰੀਦ ਕੇ 20 ਹਜ਼ਾਰ ਸਕੂਲ 650 ਕਰੋੜ ਰੁਪਏ ਖ਼ਰਚ ਕਰਦੇ ਹਨ ਜਦਕਿ ਗ਼ੈਰ ਐਨਸੀਆਰਟੀਸੀ ਦੀਆਂ ਕਿਤਾਬਾਂ 'ਤੇ ਲਗਭਗ 3900 ਕਰੋੜ ਰੁਪਏ ਦਾ ਖ਼ਰਚਾ ਹੁੰਦਾ ਹੈ। ਕੀਮਤਾਂ ਦਾ ਇਹ ਫ਼ਰਕ ਕੋਈ ਛੋਟਾ ਫ਼ਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਿਤ ਹਨ ਕਿ ਬੱਚਿਆਂ ਦੇ ਮਾਪਿਆਂ 'ਤੇ ਕਿਤਾਬਾਂ ਨੂੰ ਲੈ ਕੇ ਕਿੰਨਾਂ ਜ਼ਿਆਦਾ ਵਿੱਤੀ ਭਾਰ ਪਾਇਆ ਜਾ ਰਿਹਾ ਹੈ।
ਗ਼ੈਰ ਐਨਸੀਈਆਰਟੀ ਦੀਆਂ ਵਧੀਆ ਕਿਤਾਬਾਂ ਹੁੰਦੀਆਂ ਹਨ, ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇ ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਸਕੂਲਾਂ, ਜਿਥੇ 100 ਫ਼ੀ ਸਦੀ ਕਿਤਾਬਾਂ ਐਨਸੀਈਆਰਟੀ ਦੀਆਂ ਹਨ, ਵਿਚ ਵਿਦਿਆਰਥੀਆਂ ਪ੍ਰਦਰਸ਼ਨ ਬਾਕੀ ਸਕੂਲਾਂ ਨਾਲੋਂ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਤੋਂ ਐਨਸੀਈਆਰਟੀ ਦੀ ਵੈੱਬਸਾਈਟ 'ਤੇ ਅਗੱਸਤ ਦੇ ਪਹਿਲੇ ਹਫ਼ਤੇ ਵਿਚ ਆਰਡਰ ਲਏ ਜਾਣਗੇ ਤਾਕਿ ਸਾਰੀਆਂ ਤਿਆਰੀਆਂ ਕੀਤੀਆਂ ਜਾ ਸਕਣ। ਬੱਚਿਆਂ ਦੇ ਭਾਰੀ ਸਕੂਲ ਬੈਗ ਸਬੰਧੀ ਉਨ੍ਹਾਂ ਕਿਹਾ ਕਿ ਇਹ ਗੰਭੀਰ ਵਿਸ਼ਾ ਹੈ ਅਤੇ ਉਹ ਇਸ ਮਾਮਲੇ ਨੂੰ ਵੇਖ ਰਹੇ ਹਨ। (ਪੀ.ਟੀ.ਆਈ)