
ਜਲ, ਥਲ, ਪੁਲਾੜ 'ਤੇ ਹਮਲਾ ਕਰਨ ਦੇ ਸਮਰੱਥ ਭਾਰਤ
ਸੀਕਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਅਭਿਨੰਦਨ' ਸ਼ਬਦ ਸਬੰਧੀ ਕਾਂਗਰਸ 'ਤੇ ਵਿਅੰਗ ਕਸਿਆ ਅਤੇ ਕਿਹਾ ਕਿ ਕਾਂਗਰਸ ਇਸ ਬਾਰੇ ਵੀ ਉਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰ ਸਕਦੀ ਹੈ। ਰਾਜਸਥਾਨ ਦੇ ਸੀਕਰ ਵਿਚ ਚੋਣ ਰੈਲੀ ਨੂੰ ਸੰਬੋਧਤ ਕਰਦਿਆਂ ਮੋਦੀ ਨੇ ਕਿਹਾ, 'ਬਦਲਦੇ ਹੋਏ ਮੌਸਮ ਵਿਚ ਵੀ ਸ਼ੇਖ਼ਾਵਟੀ ਇਲਾਕੇ ਦਾ ਜੋਸ਼ ਸਿਖਰ 'ਤੇ ਹੈ, ਤੁਹਾਡੇ ਇਸ ਉਤਸ਼ਾਹ, ਤੁਹਾਡੀਆਂ ਇਨ੍ਹਾਂ ਭਾਵਨਾਵਾਂ ਦਾ ਮੈਂ ਅਭਿਨੰਦਨ ਕਰਦਾ ਹਾਂ। ਜਦ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ ਤਾਂ ਇਥੋਂ ਦੇ ਮੁੱਖ ਮੰਤਰੀ ਅਤੇ ਪੂਰੀ ਕਾਂਗਰਸ ਪਾਰਟੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ ਕਿ ਮੋਦੀ ਨੇ ਸੀਕਰ ਵਿਚ ਅਭਿੰਨੰਦਨ ਦਾ ਨਾਮ ਲਿਆ।
Narendra Modi
ਅਭਿਨੰਦਨ ਹਵਾਈ ਫ਼ੌਜ ਦਾ ਵਿੰਗ ਕਮਾਂਡਰ ਹੈ। ਪਾਕਸਿਤਾਨ ਤੋਂ ਉਸ ਦੀ ਵਤਨ ਵਾਪਸੀ ਦੀ ਖ਼ੂਬ ਚਰਚਾ ਰਹੀ ਸੀ। ਮੋਦੀ ਨੇ ਕਿਹਾ ਕਿ ਭਾਰਤ ਅੱਜ ਥਲ ਤੋਂ ਲੈ ਕੇ ਜਲ, ਜ਼ਮੀਨ ਅਤੇ ਪੁਲਾੜ ਸੱਭ ਥਾਵਾਂ 'ਤੇ ਹਮਲਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਹੜੇ ਦੇਸ਼ ਦਾ ਪਾਣੀ ਪਾਕਿਸਤਾਨ ਜਾਣ ਤੋਂ ਨਹੀਂ ਰੋਕ ਸਕਦੇ, ਉਹ ਅਤਿਵਾਦੀ ਗਤੀਵਿਧੀਆਂ ਨੂੰ ਕੀ ਰੋਕਣਗੇ? ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਜਰਸ ਕਿਸੇ ਵੀ ਤਰ੍ਹਾਂ ਇਹ ਸਾਬਤ ਕਰਨ 'ਤੇ ਉਤਾਰੂ ਹੈ ਕਿ ਉਸ ਦੀਆਂ ਸਰਕਾਰਾਂ ਨੇ ਵੀ ਹਵਾਈ ਹਮਲੇ ਕੀਤੇ ਸਨ।
PM Modi
ਕਾਂਗਰਸ ਹੁਣ 'ਮੀ ਟੂ-ਮੀ ਟੂ' ਕਰ ਰਹੀ ਹੈ। ਸ਼ੇਖ਼ਾਵਟੀ ਇਲਾਕੇ ਵਿਚ ਰੈਲੀ ਦੌਰਾਨ ਉਨ੍ਹਾਂ ਕਿਹਾ, 'ਚੋਣਾਂ ਦੇ ਪਹਿਲੇ ਚਾਰ ਗੇੜਾਂ ਵਿਚ ਚਾਰੇ ਖ਼ਾਨੇ ਚਿੱਤ ਹੋਣ ਮਗਰੋਂ ਹੁਣ ਕਾਂਗਰਸ ਨਵਾਂ ਪੈਂਤੜਾ ਚਲਾ ਰਹੀ ਹੈ। ਕਲ ਕਾਂਗਰਸ ਦੇ ਸੀਨੀਅਰ ਨੇਤਾ ਨੇ ਬਿਆਨ ਦਿਤਾ ਸੀ ਕਿ ਸਾਡੇ ਸਮੇਂ ਵਿਚ ਵੀ ਕਈ ਵਾਰ ਹਵਾਈ ਹਮਲੇ ਕੀਤੇ ਗਏ। ਹੁਣ ਕਾਂਗਰਸ ਕਿਸੇ ਵੀ ਤਰ੍ਹਾਂ ਇਹ ਸਾਬਤ ਕਰਨ 'ਤੇ ਉਤਾਰੂ ਹੈ ਕਿ ਅਸੀਂ ਵੀ ਹਵਾਈ ਹਮਲੇ ਕੀਤੇ ਸਨ।' ਮੋਦੀ ਨੇ ਕਿਹਾ, 'ਪਹਿਲਾਂ ਇਨ੍ਹਾਂ ਕਿਹਾ ਕਿ ਅਜਿਹਾ ਕੁੱਝ ਹੁੰਦਾ ਹੀ ਨਹੀਂ ਹੈ, ਪਹਿਲਾਂ ਮਜ਼ਾਕ ਉਡਾਇਆ। ਜਦ ਵੇਖਿਆ ਕਿ ਲੋਕ ਮੋਦੀ ਨਾਲ ਹਨ ਤਾਂ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਹੁਣ ਤੀਜਾ ਰਸਤਾ ਅਪਣਾਉਣ ਲੱਗੇ ਕਿ ਅਸੀਂ ਵੀ ਹਮਲਾ ਕੀਤਾ ਸੀ। ਸੀਕਰ ਵਿਚ ਮੋਦੀ ਦਾ ਭਾਸ਼ਨ ਹਵਾਈ ਹਮਲੇ, ਫ਼ੌਜ, ਫ਼ੌਜੀ 'ਤੇ ਕੇਂਦਰਤ ਰਿਹਾ।