
ਚੋਣ ਜ਼ਾਬਤੇ ਦੀ ਉਲੰਘਣਾ ਦੇ ਤਿੰਨ ਮਾਮਲਿਆਂ 'ਚ ਮੋਦੀ ਨੂੰ ਮਿਲ ਚੁੱਕੀ ਹੈ ਕਲੀਨ ਚਿੱਟ
ਨਵੀਂ ਦਿੱਲੀ : ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣ ਕਮਿਸ਼ਨ ਤੋਂ ਕਲੀਨ ਚਿੱਟ ਮਿਲ ਗਈ ਹੈ, ਪਰ ਇਕ ਮੀਡੀਆ ਰਿਪੋਰਟ ਮੁਤਾਬਕ ਚੋਣ ਕਮਿਸ਼ਨ ਨੇ ਇਹ ਫ਼ੈਸਲਾ ਸਰਬਸੰਮਤੀ ਨਾਲ ਨਹੀਂ ਲਿਆ ਗਿਆ ਸੀ। ਰਿਪੋਰਟ ਮੁਤਾਬਕ ਮੋਦੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਤਿੰਨ ਮਾਮਲਿਆਂ 'ਚ ਕਲੀਨ ਚਿੱਟ ਮਿਲੀ ਹੈ, ਪਰ ਇਨ੍ਹਾਂ 'ਚ ਦੋ ਮਾਮਲਿਆਂ ਵਿਚ ਕਮੀਸ਼ਨ ਦੀ ਰਾਇ ਇਕਮਤ ਨਹੀਂ ਸੀ।
Narendra Modi
ਮੋਦੀ ਨੂੰ ਵਰਧਾ ਅਤੇ ਲਾਤੂਰ 'ਚ ਉਨ੍ਹਾਂ ਦੇ ਭਾਸ਼ਣਾਂ ਲਈ ਕਲੀਨ ਚਿੱਟ ਦਿੱਤੀ ਗਈ ਸੀ ਪਰ ਇਨ੍ਹਾਂ ਮਾਮਲਿਆਂ 'ਚ ਇਕ ਚੋਣ ਕਮਿਸ਼ਨਰ ਨੇ ਮੋਦੀ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ ਵਿਰੋਧ ਕੀਤਾ, ਜਦਕਿ ਬਾਡਮੇਰ 'ਚ ਮੋਦੀ ਦੇ ਭਾਸ਼ਣ ਨੂੰ ਲੈ ਕੇ ਚੋਣ ਕਮਿਸ਼ਨ ਦੀ ਰਾਇ ਇਕਮਤ ਸੀ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ 1 ਅਪ੍ਰੈਲ ਨੂੰ ਵਰਧਾ 'ਚ ਦਿੱਤੇ ਗਏ ਆਪਣੇ ਭਾਸ਼ਣ 'ਚ ਵਾਏਨਾਡ ਸੀਟ ਤੋਂ ਚੋਣ ਲੜਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿਖੇਧੀ ਕੀਤੀ ਸੀ ਅਤੇ ਸੰਕੇਤ ਦਿੱਤਾ ਸੀ ਕਿ ਕੇਰਲ ਦੇ ਇਸ ਸੰਸਦੀ ਖੇਤਰ 'ਚ ਘੱਟਗਿਣਤੀ ਭਾਈਚਾਰੇ ਦੇ ਵੋਟਰਾਂ ਦੀ ਗਿਣਤੀ ਵੱਧ ਹੈ।
Election Commission of India
ਮੋਦੀ ਨੇ 9 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਲਾਤੂਰ 'ਚ ਪਹਿਲੀ ਵਾਰ ਵੋਟ ਦੇਣ ਜਾ ਰਹੇ ਵੋਟਰਾਂ ਨੂੰ ਆਪਣਾ ਵੋਟ ਬਾਲਾਕੋਟ ਹਵਾਈ ਹਮਲੇ ਦੇ ਜਵਾਨਾਂ ਅਤੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸਮਰਪਿਤ ਕਰਨ ਦੀ ਗੱਲ ਕਹੀ ਸੀ। ਇਨ੍ਹਾਂ ਦੋਹਾਂ ਮਾਮਲਿਆਂ 'ਚ ਫ਼ੈਸਲਾ 2-1 ਦੇ ਬਹੁਮਤ ਨਾਲ ਲਿਆ ਗਿਆ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੋਂ ਇਲਾਵਾ ਦੋ ਹੋਰ ਚੋਣ ਕਮਿਸ਼ਨਰਾਂ ਅਸ਼ੋਕ ਲਵਾਸਾ ਅਤੇ ਸੁਸ਼ੀਲ ਚੰਦਰਾ ਨੇ ਇਸ ਸਬੰਧੀ ਮੀਟਿੰਗ ਕੀਤੀ ਸੀ। ਇਸ ਦੌਰਾਨ ਦੋਹਾਂ ਦੀ ਰਾਇ ਮੋਦੀ ਦੇ ਪੱਖ 'ਚ ਇਕ ਨਹੀਂ ਸੀ।
Narendra Modi
ਰਾਜਸਥਾਨ ਦੇ ਬਾਡਮੇਰ 'ਚ ਮੋਦੀ ਦੇ ਵਿਵਾਦਤ ਬਿਆਨ 'ਤੇ ਕਲੀਨ ਚਿੱਟ ਦੇਣ ਦਾ ਚੋਣ ਕਮਿਸ਼ਨ ਦਾ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਈ। ਜ਼ਿਕਰਯੋਗ ਹੈ ਕਿ ਮੋਦੀ ਨੇ ਬਾਡਮੇਰ 'ਚ ਰੈਲੀ ਦੌਰਾਨ ਕਿਹਾ ਸੀ ਕਿ ਭਾਰਤ ਨੇ ਆਪਣੇ ਪ੍ਰਮਾਣੂ ਹਥਿਆਰ ਦੀਵਾਲੀ ਲਈ ਨਹੀਂ ਰੱਖੇ ਹੋਏ ਹਨ।