
ਬੁੱਧਵਾਰ ਨੂੰ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿਚ ਨਕਲਸੀਆਂ ਵੱਲੋਂ ਕੀਤੇ ਗਏ ਬੰਬ ਧਮਾਕੇ ‘ਚ 15 ਸੁਰੱਖਿਆ ਕਰਮਚਾਰੀ ਅਤੇ ਇਕ ਸਥਾਨਕ ਨਾਗਰਿਕ ਦੀ ਮੌਤ ਹੋ ਗਈ ਸੀ।
ਨਵੀਂ ਦਿੱਲੀ: ਬੁੱਧਵਾਰ ਨੂੰ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿਚ ਨਕਲਸੀਆਂ ਵੱਲੋਂ ਕੀਤੇ ਗਏ ਬੰਬ ਧਮਾਕੇ ‘ਚ 15 ਸੁਰੱਖਿਆ ਕਰਮਚਾਰੀ ਅਤੇ ਇਕ ਸਥਾਨਕ ਨਾਗਰਿਕ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਨਕਸਲੀਆਂ ਨੇ ਬੰਬ ਧਮਾਕੇ ਤੋਂ ਕੁਝ ਘੰਟੇ ਪਹਿਲਾਂ ਗੜ੍ਹਚਿਰੋਲੀ ਤੋਂ ਲਗਭਗ 60 ਕਿਲੋਮੀਟਰ ਦੂਰ ਕੁਖੇੜਾ ਦੇ ਰਾਸਤੇ ਵਿਚ ਸੜਕ ਨਿਰਮਾਣ ਨਾਲ ਜੁੜੇ 26 ਵਾਹਨਾਂ ਨੂੰ ਸਾੜ ਦਿੱਤਾ ਸੀ।
ਇਹ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਸੱਤਾਧਾਰੀ ਪਾਰਟੀ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਲਈ ਅਪਣਾ ਮੁੱਖ ਮੁੱਦਾ ਦੇਸ਼ ਦੀ ਸੁਰੱਖਿਆ ਰੱਖਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਸੁਰੱਖਿਆ ਦੇ ਨਾਂਅ ‘ਤੇ ਵਿਰੋਧੀਆਂ ਨੂੰ ਕਮਜ਼ੋਰ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਿਆ। ਉਹ ਅਪਣੀ ਸਰਕਾਰ ਦੀਆਂ ਮੁੱਖ ਪ੍ਰਾਪਤੀਆਂ ਵਜੋਂ ਫਰਵਰੀ ਵਿਚ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ਨੂੰ ਉਭਾਰ ਰਹੇ ਹਨ।
ਹਾਲਾਂਕਿ ਬੁੱਧਵਾਰ ਨੂੰ ਹੋਏ ਧਮਾਕੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਦੀ ਅੰਦਰੂਨੀ ਸੁਰੱਖਿਆ ਵੀ ਇੰਨੀ ਮਜ਼ਬੂਤ ਨਹੀਂ ਹੈ ਜਿਨ੍ਹਾਂ ਮੋਦੀ ਦਾਅਵਾ ਕਰ ਰਹੇ ਹਨ। ਇਕ ਰਿਪੋਰਟ ਅਨੁਸਾਰ ਗੜ੍ਹਚਿਰੋਲੀ ਵਿਚ ਹੋਏ ਹਮਲੇ ਤੋਂ ਪਹਿਲਾਂ 21 ਮਾਰਚ ਨੂੰ ਹੀ ਇਸ ਹਮਲੇ ਦੀ ਚੇਤਾਵਨੀ ਦਿੱਤੀ ਗਈ ਸੀ। ਫਰਵਰੀ ਵਿਚ ਪੁਲਵਾਮਾ ਵਿਖੇ ਸੀਆਰਪੀਐਫ ਜਵਾਨਾਂ ‘ਤੇ ਹੋਏ ਹਮਲੇ ‘ਤੇ ਭਾਜਪਾ ਸਰਕਾਰ ਨੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਜਪਾ ਆਗੂਆਂ ਨੇ ਵੀ ਸਿਰਫ਼ ਬਦਲਾ ਲੈਣ ਦੇ ਸੰਦੇਸ਼ ਹੀ ਜਾਰੀ ਕੀਤੇ ਸਨ।
ਬੁੱਧਵਾਰ ਨੂੰ ਪਰਾਈਮ ਟਾਈਮ ‘ਤੇ ਜ਼ਿਆਦਾਤਰ ਚੈਨਲਾਂ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਗਲੋਬਲ ਅਤਿਵਾਦੀ ਦੇ ਰੂਪ ਵਿਚ ਐਲਾਨ ਕਰਨ ਸਬੰਧੀ ਅਮਰੀਕਾ ਦੇ ਉਸੇ ਦਿਨ ਦੇ ਫੈਸਲੇ ‘ਤੇ ਚਰਚਾ ਕਰਨ ਦੀ ਬਜਾਏ ਗੜ੍ਹਚਿਰੋਲੀ ਵਿਚ ਹੋਏ ਹਮਲੇ ‘ਤੇ ਧਿਆਨ ਦਿੱਤਾ। ਇਹ ਦੇਖਦੇ ਹੋਏ ਕਿ ਮੋਦੀ ਰਾਸ਼ਟਰੀ ਸੁਰੱਖਿਆ ਨੂੰ ਮੁੱਦਾ ਬਣਾ ਕੇ ਉਸ ਦੀ ਵਰਤੋਂ ਅਪਣੇ ਚੋਣ ਪ੍ਰਚਾਰ ਲਈ ਕਰ ਰਹੇ ਹਨ। ਇਸ ਕਰਕੇ ਪੀਐਮ ਮੋਦੀ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਚੇਤਾਵਨੀ ਮਿਲਣ ਤੋਂ ਬਾਅਦ ਵੀ ਗੜ੍ਹਚਿਰੋਲੀ ਹਮਲੇ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ।