
24 ਘੰਟਿਆਂ ਵਿਚ 83 ਮੌਤਾਂ, ਕੁਲ 1306 ਮੌਤਾਂ, 11 ਹਜ਼ਾਰ ਲੋਕ ਠੀਕ ਹੋਏ
ਨਵੀਂ ਦਿੱਲੀ, 3 ਮਈ : ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਤੋਂ 83 ਹੋਰ ਲੋਕਾਂ ਦੀ ਮੌਤ ਹੋਣ ਮਗਰੋਂ ਕੁਲ ਗਿਣਤੀ 1306 ਹੋ ਗਈ ਹੈ ਜਦਕਿ 2487 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਗਿਣਤੀ ਵੱਧ ਕੇ 40,263 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਪੀੜਤ 28,070 ਮਰੀਜ਼ਾਂ ਦਾ ਇਲਾਜ ਹਾਲੇ ਚੱਲ ਰਿਹਾ ਹੈ ਜਦਕਿ 10,886 ਲੋਕ ਸਿਹਤਯਾਬ ਹੋ ਗਏ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ।
ਲਾਗ ਦੇ ਕੁਲ ਮਾਮਲਿਆਂ ਵਿਚ 111 ਵਿਦੇਸ਼ੀ ਨਾਗਰਿਕ ਵੀ ਹਨ। ਸਨਿਚਰਵਾਰ ਸ਼ਾਮ ਤਕ ਕੁਲ 83 ਮੌਤਾਂ ਵਿਚੋਂ ਸੱਭ ਤੋਂ ਜ਼ਿਆਦਾ 36 ਮੌਤਾਂ ਮਹਾਰਾਸ਼ਟਰ ਵਿਚ, 26 ਗੁਜਰਾਤ ਵਿਚ, ਮੱਧ ਪ੍ਰਦੇਸ਼ ਵਿਚ 11, ਰਾਜਸਥਾਨ ਵਿਚ ਤਿੰਨ, ਦਿੱਲੀ ਵਿਚ ਤਿੰਨ, ਤੇਲੰਗਾਨਾ ਵਿਚ ਦੋ ਅਤੇ ਤਾਮਿਲਨਾਡੂ ਤੇ ਬਿਹਾਰ ਵਿਚ ਇਕ ਇਕ ਮੌਤ ਹੋਈ ਹੈ। ਪੰਜਾਬ ਵਿਚ ਇਸ ਮਾਰੂ ਬੀਮਾਰੀ ਨਾਲ 20 ਜਣਿਆਂ ਦੀ ਜਾਨ ਗਈ ਹੈ ਜਦਕਿ ਜੰਮੂ ਕਸ਼ਮੀਰ ਵਿਚ ਅੱਠ, ਕੇਰਲਾ, ਬਿਹਾਰ ਅਤੇ ਹਰਿਆਣਾ ਵਿਚ ਚਾਰ ਚਾਰ ਜਣਿਆਂ ਦੀ ਮੌਤ ਹੋਈ ਹੈ।
ਦਿੱਲੀ ਵਿਚ 64, ਯੂਪੀ ਵਿਚ 43, ਰਾਜਸਥਾਨ ਵਿਚ 65 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਪਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਵਿਚ 33-33 ਲੋਕਾਂ ਦੀ ਮੌਤ ਹੋਈ ਹੈ। ਗੁਜਰਾਤ ਵਿਚ 262 ਅਤੇ ਮੱਧ ਪ੍ਰਦੇਸ਼ ਵਿਚ 156 ਜਾਨਾਂ ਗਈਆਂ ਹਨ। ਤਾਮਿਲਨਾਡੂ ਵਿਚ ਮ੍ਰਿਤਕਾਂ ਦੀ ਗਿਣਤੀ 29, ਤੇਲੰਗਾਨਾ ਵਿਚ 28 ਜਦਕਿ ਕਰਨਾਟਕ ਵਿਚ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੇਘਾਲਿਆ, ਹਿਮਾਚਲ, ਉੜੀਸਾ ਅਤੇ ਆਸਾਮ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਐਤਵਾਰ ਸਵੇਰ ਤਕ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 1223 ਸੀ ਅਤੇ ਮਾਮਲਿਆਂ ਦੀ ਗਿਣਤੀ 37776 ਸੀ।