
ਸਥਿਤੀ ਨੂੰ ਦੇਖਦੇ ਹੋਏ ਜੋਧਪੁਰ ਦੇ 10 ਥਾਣਾ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਰਾਤ 12 ਵਜੇ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਜੋਧਪੁਰ: ਦੇਰ ਰਾਤ ਜਲੌਰੀ ਗੇਟ 'ਤੇ ਝੰਡਾ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ ਸਵੇਰੇ ਫਿਰ ਭੜਕ ਗਿਆ। ਰਾਜਸਥਾਨ ਦੇ ਜੋਧਪੁਰ ਵਿਚ ਦੋ ਭਾਈਚਾਰਿਆਂ ਵਿਚ ਹਿੰਸਕ ਝੜਪਾਂ ਹੋਈਆਂ, ਜਿਸ ਤੋਂ ਬਾਅਦ ਪੱਥਰਬਾਜ਼ੀ ਹੋਈ। ਹਾਲਾਂਕਿ ਮੌਕੇ 'ਤੇ ਭਾਰੀ ਪੁਲਿਸ ਫੋਰਸ ਪਹੁੰਚ ਗਈ ਅਤੇ ਉਸ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ ਗਿਆ। ਇਸ ਮਗਰੋਂ ਈਦ ਵਾਲੇ ਦਿਨ ਮੰਗਲਵਾਰ ਸਵੇਰੇ ਇਕ ਵਾਰ ਫਿਰ ਭੀੜ ਨੇ ਜਲੌਰੀ ਗੇਟ ਨੇੜੇ ਹੰਗਾਮਾ ਕਰ ਦਿੱਤਾ ਅਤੇ ਪਥਰਾਅ ਕੀਤਾ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਜੋਧਪੁਰ ਦੇ 10 ਥਾਣਾ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਅੱਜ ਰਾਤ 12 ਵਜੇ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
Communal clashes break out in Jodhpur
ਮੁੱਖ ਮੰਤਰੀ ਨੇ ਉੱਚ ਪੱਧਰੀ ਮੀਟਿੰਗ ਕੀਤੀ
ਸੋਮਵਾਰ ਰਾਤ ਨੂੰ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ। ਮੰਗਲਵਾਰ ਸਵੇਰੇ ਪਥਰਾਅ ਤੋਂ ਬਾਅਦ ਮੁੱਖ ਮੰਤਰੀ ਨੇ ਜੈਪੁਰ ਵਿਚ ਉੱਚ ਪੱਧਰੀ ਮੀਟਿੰਗ ਕੀਤੀ। ਇਸ ਸਬੰਧੀ ਜੋਧਪੁਰ ਦੇ ਇੰਚਾਰਜ ਮੰਤਰੀ ਡਾ. ਸੁਭਾਸ਼ ਗਰਗ ਅਤੇ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ ਨੂੰ ਤੁਰੰਤ ਜੋਧਪੁਰ ਲਈ ਰਵਾਨਾ ਹੋਣ ਲਈ ਕਿਹਾ ਗਿਆ| ਏਸੀਐਸ ਹੋਮ ਅਭੈ ਕੁਮਾਰ ਅਤੇ ਏਡੀਜੀ ਲਾਅ ਐਂਡ ਆਰਡਰ ਹਵਾਸਿੰਘ ਘੁਮਰੀਆ ਨੂੰ ਵੀ ਉਹਨਾਂ ਦੇ ਨਾਲ ਭੇਜਿਆ ਗਿਆ ਹੈ।
ਵਿਧਾਇਕ ਦੇ ਘਰ ਦੇ ਬਾਹਰ ਹੰਗਾਮਾ
ਮੰਗਲਵਾਰ ਸਵੇਰੇ ਸ਼ਰਾਰਤੀ ਅਨਸਰਾਂ ਨੇ ਜਲੌਰੀ ਗੇਟ ਨੇੜੇ ਸਥਿਤ ਸੁਰਸਾਗਰ ਤੋਂ ਭਾਜਪਾ ਵਿਧਾਇਕ ਸੂਰਿਆਕਾਂਤਾ ਵਿਆਸ ਦੇ ਘਰ ਦੇ ਬਾਹਰ ਵੀ ਹੰਗਾਮਾ ਕੀਤਾ। ਇੱਥੇ ਭੀੜ ਨੇ ਇੱਕ ਬਾਈਕ ਵੀ ਸਾੜ ਦਿੱਤੀ। ਵਿਧਾਇਕ ਦੇ ਘਰ ਦੇ ਬਾਹਰ ਮਾਹੌਲ ਵਿਗੜਦਾ ਦੇਖ ਕੇ ਡੀਸੀਪੀ ਪੱਛਮੀ ਭੁਵਨ ਭੂਸ਼ਣ ਯਾਦਵ ਇੱਥੇ ਪੁੱਜੇ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
Communal clashes break out in Jodhpur
ਜੋਧਪੁਰ ਦੇ ਪੁਲਿਸ ਕਮਿਸ਼ਨਰ ਨਵਜਯੋਤੀ ਗੋਗੋਈ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ ਅਤੇ ਅਸੀਂ ਫਲੈਗ ਮਾਰਚ ਲਈ ਵੀ ਨਿਕਲ ਰਹੇ ਹਾਂ। ਅਸੀਂ ਕਾਨੂੰਨ ਤਹਿਤ ਕਾਰਵਾਈ ਕਰਾਂਗੇ। ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਕੁਝ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਸੀਂ ਆਪਣੇ ਪੱਖ ਤੋਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਧਾਰਾ 144 ਪਹਿਲਾਂ ਹੀ ਲਾਗੂ ਹੈ।"
ਦਰਅਸਲ ਸੋਮਵਾਰ ਰਾਤ ਕਰੀਬ 11.30 ਵਜੇ ਕੁਝ ਲੋਕ ਜਲੌਰੀ ਗੇਟ ਚੌਰਾਹੇ 'ਤੇ ਝੰਡੇ ਲਗਾ ਰਹੇ ਸਨ। ਇਸ ਦੌਰਾਨ ਵੀਡੀਓ ਬਣਾ ਰਹੇ ਵਿਅਕਤੀ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ। ਜਦੋਂ ਕੁਝ ਲੋਕ ਬਚਾਅ ਲਈ ਆਏ ਤਾਂ ਉਹਨਾਂ ਦੀ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਦੂਜੇ ਧੜੇ ਨੇ ਸਾਹਮਣੇ ਵਾਲੇ ਧੜੇ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।