
ਪਿਛਲੇ ਸਾਲ 3 ਮਈ ਨੂੰ ਨਸਲੀ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਸੂਬੇ ’ਚ 219 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ
ਇੰਫਾਲ: ਹਿੰਸਾ ਪ੍ਰਭਾਵਤ ਮਨੀਪੁਰ ’ਚ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਫੈਲਾਉਣ ਲਈ 7 ਔਰਤਾਂ ਨੇ ਸ਼ੁਕਰਵਾਰ ਨੂੰ ਅਪਣੇ ਸਿਰ ਮੁੰਡਵਾ ਕੇ ਸਾਈਕਲ ਰੈਲੀ ਕੱਢੀ। ਕਾਲੇ ਕਪੜੇ ਪਹਿਨੀ ਔਰਤਾਂ ਇੰਫਾਲ ਦੇ ਕੇਂਦਰ ’ਚ ਸਥਿਤ ਸਰਹੱਦੀ ਪਿੰਡ ਸੇਕਮਾਈ ਤੋਂ ਕਾਂਗਲਾ ਤਕ ਘੱਟੋ-ਘੱਟ 19 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਸੱਤ ਔਰਤਾਂ ਦੇ ਨਾਲ ਗਈ ਇਕ ਅੱਧਖੜ ਉਮਰ ਦੀ ਔਰਤ ਕੇ. ਸ਼ਾਂਤੀ ਨੇ ਕਿਹਾ, ‘‘ਸਿਰ ਮੁੰਡਵਾਉਣਾ ਇਕ ਪ੍ਰਤੀਕਾਤਮਕ ਸੰਕੇਤ ਹੈ। ਅਜਿਹਾ ਕਰਨ ਦਾ ਮਕਸਦ ਚੁਰਾਚਾਂਦਪੁਰ ਅਤੇ ਕੰਗਪੋਕਪੀ ਦੇ ਨਾਲ ਲਗਦੇ ਪਹਾੜੀ ਇਲਾਕਿਆਂ ’ਚ ਸਥਿਤ ਅਤਿਵਾਦੀਆਂ ਵਲੋਂ ਇੰਫਾਲ ਵਾਦੀ ਦੇ ਸਰਹੱਦੀ ਇਲਾਕਿਆਂ ’ਚ ਸਮੇਂ-ਸਮੇਂ ’ਤੇ ਗੋਲੀਬਾਰੀ ਨੂੰ ਰੋਕਣ ’ਚ ਸਰਕਾਰ ਦੀ ਅਸਮਰੱਥਾ ਦਾ ਵਿਰੋਧ ਕਰਨਾ ਹੈ। ਅਸੀਂ ਸਾਰੇ ਥੱਕ ਗਏ ਹਾਂ। ਅਸੀਂ ਸ਼ਾਂਤੀ ਚਾਹੁੰਦੇ ਹਾਂ।’’
ਕਾਂਗਲਾ ਦੀ ਮੀਰਾ ਪੈਬੀ ਨਾਂ ਦੀ ਸਮਾਜਕ ਸੰਸਥਾ ਦੀ ਨੇਤਾ ਐਮ. ਸੋਬਿਤਾ ਦੇਵੀ ਨੇ ਕਿਹਾ, ‘‘3 ਮਈ ਨੂੰ ਸੂਬੇ ’ਚ ਹਿੰਸਾ ਦਾ ਇਕ ਸਾਲ ਪੂਰਾ ਹੋ ਰਿਹਾ ਹੈ। ਅੱਜ ਅਸੀਂ ਇਕ ਵਾਰ ਫਿਰ ਤੋਰਬੰਗ ਅਤੇ ਫੌਗਾਚਾਓ ਦੇ ਕਿਸਾਨਾਂ, ਦਿਹਾੜੀਦਾਰ ਮਜ਼ਦੂਰਾਂ ਨੂੰ ਹੋਏ ਨੁਕਸਾਨ ਅਤੇ ਅੱਤਿਆਚਾਰਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ’ਤੇ ਚੂਰਾਚਾਂਦਪੁਰ ਦੀ ਹਥਿਆਰਬੰਦ ਭੀੜ ਨੇ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ ਸੀ।’’
ਔਰਤਾਂ ਨੇ ਸਾਈਕਲਾਂ ’ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ ‘ਅਸੀਂ ਸ਼ਾਂਤੀ ਚਾਹੁੰਦੇ ਹਾਂ, ਵੱਖਰਾ ਪ੍ਰਸ਼ਾਸਨ ਨਹੀਂ, ਇਲਾਕਾਈ ਅਖੰਡਤਾ ਦੀ ਰੱਖਿਆ ਕਰੋ।’ ਰਾਹਤ ਕੈਂਪਾਂ ’ਚ ਰਹਿ ਰਹੇ ਅੰਦਰੂਨੀ ਤੌਰ ’ਤੇ ਵਿਸਥਾਪਿਤ ਵਿਅਕਤੀਆਂ (ਆਈ.ਡੀ.ਪੀਜ਼) ਅਤੇ ਖੁਮੁਜੰਬਾ ਮੈਤੇਈ ਲੀਕਾਈ ਪੱਤਾਦਾਰ ਐਸੋਸੀਏਸ਼ਨ ਨੇ ਵੀ ਇੰਫਾਲ ਪੂਰਬੀ ਜ਼ਿਲ੍ਹੇ ਦੇ ਅਕਮਪਤ ’ਚ ਹਿੰਸਾ ਦੇ ਪਹਿਲੇ ਸਾਲ ਦੇ ਮੌਕੇ ’ਤੇ ਇਕ ਸਮਾਰੋਹ ਕੀਤਾ।
ਪਿਛਲੇ ਸਾਲ 3 ਮਈ ਨੂੰ ਨਸਲੀ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਸੂਬੇ ’ਚ 219 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਅਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਇਹ ਹਿੰਸਾ ਉਸ ਸਮੇਂ ਹੋਈ ਜਦੋਂ ਮੈਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ (ਐਸਟੀ) ਦਰਜੇ ਦੀ ਮੰਗ ਦੇ ਵਿਰੋਧ ’ਚ ਪਹਾੜੀ ਜ਼ਿਲ੍ਹਿਆਂ ’ਚ ‘ਕਬਾਇਲੀ ਇਕਜੁੱਟਤਾ ਮਾਰਚ‘ ਦਾ ਆਯੋਜਨ ਕੀਤਾ ਗਿਆ ਸੀ।