
ਇਕ ਸਾਲ ਪਹਿਲਾਂ ਰੇਲ ਮੰਤਰੀ ਨੇ ‘ਕਵਚ’ ਦੀ ਸਫ਼ਲ ਪਰਖ ਖ਼ੁਦ ਕੀਤੀ ਸੀ
ਨਵੀਂ ਦਿੱਲੀ: ਓਡੀਸ਼ਾ ਦੇ ਬਾਲਾਸੋਰ ’ਚ ਹੋਏ ਭਿਆਨਕ ਟਰੇਨ ਹਾਦਸੇ ਤੋਂ ਬਾਅਦ ਰੇਲਵੇ ਦੀ ਆਟੋਮੈਟਿਕ ਟਰੇਨ ਸੁਰਖਿਆ ਪ੍ਰਣਾਲੀ ‘ਕਵਚ’ ਚਰਚਾ ’ਚ ਆ ਗਈ ਹੈ।
ਕਵਚ ਦੀ ਪਰਖ ਦੱਖਣ ਮੱਧ ਰੇਲਵੇ ਦੇ ਲਿੰਗਮਪੱਲੀ-ਵਿਕਾਰਾਬਾਦ-ਵਾਡੀ ਅਤੇ ਵਿਕਾਰਾਬਾਦ-ਬੀਦਰ ਸੈਕਸ਼ਨ ’ਤੇ ਕੀਤੀ ਗਈ ਸੀ, ਜਿਸ ’ਚ 250 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਸੀ। ਕਵਚ ਪ੍ਰਣਾਲੀ ਤਿਆਰ ਕਰਨ ’ਚ ਕੁਲ 16.88 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਇਕ ਸਾਲ ਪਹਿਲਾਂ ਰੇਲ ਮੰਤਰੀ ਨੇ ‘ਕਵਚ’ ਦੀ ਸਫ਼ਲ ਪਰਖ ਖ਼ੁਦ ਕੀਤੀ ਸੀ ਜਿਸ ਬਾਰੇ ਉਨ੍ਹਾਂ ਇਸੇ ਸਾਲ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਸੀ। ਉਦੋਂ ਕਿਹਾ ਜਾ ਰਿਹਾ ਸੀ ਕਿ ਇਸ ਨਾਲ ਰੇਲ ਹਾਦਸੇ ਬੀਤੇ ਸਮੇਂ ਦੀ ਗੱਲ ਹੋ ਜਾਣਗੇ। ਪਰ ਰੇਲਵੇ ਨੇ ਕਿਹਾ ਕਿ ਸ਼ੁਕਰਵਾਰ ਸ਼ਾਮ ਨੂੰ ਜਿਸ ਪਟੜੀ ’ਤੇ ਹਾਦਸਾ ਵਾਪਰਿਆ ਉੱਥੇ ‘ਕਵਚ’ ਪ੍ਰਣਾਲੀ ਮੌਜੂਦ ਨਹੀਂ ਸੀ।
ਜਦੋਂ ਲੋਕੋ ਪਾਇਲਟ ਫਾਟਕ ਪਾਰ ਕਰਦਾ ਹੈ ਤਾਂ ਇਹ ਪ੍ਰਣਾਲੀ ਉਸ ਨੂੰ ਚੌਕਸ ਕਰਦੀ ਹੈ। ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਸਿਗਨਲ ਪਾਰ ਕਰਦੇ ਸਮੇਂ ਰੇਲ ਗੱਡੀਆਂ ਦੀ ਟੱਕਰ ਹੁੰਦੀ ਹੈ। ਕਵਚ ਪ੍ਰਣਾਲੀ ਉਸੇ ਲਾਈਨ ’ਤੇ ਦੂਜੀ ਰੇਲ ਗੱਡੀ ਦੇ ਆਉਣ ਦੀ ਸਥਿਤੀ ’ਚ ਨਿਰਧਾਰਤ ਦੂਰੀ ਅੰਦਰ ਹੀ ਆਟੋਮੈਟਿਕ ਤਰੀਕੇ ਨਾਲ ਰੇਲ ਗੱਡੀ ਨੂੰ ਰੋਕ ਸਕਦੀ ਹੈ।
ਕਵਚ ਕੀ ਹੈ?
ਕਵਚ ਨੂੰ ਤਿੰਨ ਭਾਰਤੀ ਵਿਕਰੀਕਰਤਾਵਾਂ ਦੇ ਸਹਿਯੋਗ ਨਾਲ ਖੋਜ ਡਿਜ਼ਾਈਨ ਅਤੇ ਮਾਨਕ ਸੰਗਠਨ (ਡੀ.ਆਰ.ਡੀ.ਓ.) ਨੇ ਦੇਸੀ ਰੂਪ ਨਾਲ ਵਿਕਸਤ ਕੀਤਾ ਹੈ। ਕਵਚ ਨਾ ਸਿਰਫ਼ ਲੋਕੋ ਪਾਇਲਟ ਨੂੰ ਖ਼ਤਰੇ ਅਤੇ ਤੇਜ਼ ਰਫ਼ਤਾਰ ਹੋਣ ’ਤੇ ਸਿਗਲਨ ਤੋਂ ਲੰਘਣ ਤੋਂ ਬਚਾਉਣ ’ਚ ਮਦਦ ਕਰਦਾ ਹੈ ਬਲਕਿ ਸੰਘਣੀ ਧੁੰਦ ਵਰਗੇ ਖ਼ਰਾਬ ਮੌਸਮ ਦੌਰਾਨ ਰੇਲ ਗੱਡੀ ਚੱਲਣ ’ਚ ਵੀ ਮਦਦ ਕਰਦਾ ਹੈ। ਇਸ ਤਰ੍ਹਾਂ, ਕਵਚ ਰੇਲ ਗੱਡੀ ਸੰਚਾਲਨ ਦੀ ਸੁਰਖਿਆ ਅਤੇ ਮੁਹਾਰਤ ਨੂੰ ਵਧਾਉਂਦਾ ਹੈ।
ਕਵਚ ਦੀਆਂ ਵਿਸ਼ੇਸ਼ਤਾਵਾਂ-
ਜੇਕਰ ਲੋਕੋ ਪਾਇਲਟ ਬ੍ਰੇਕ ਲਾਉਣ ’ਚ ਅਸਫ਼ਲ ਰਹਿੰਦਾ ਹੈ ਤਾਂ ਕਵਚ ਪ੍ਰਣਾਲੀ ਦੇ ਤਹਿਤ ਆਟੋਮੈਟਿਕ ਤਰੀਕੇ ਨਾਲ ਬ੍ਰੇਕ ਲਗ ਜਾਂਦੀ ਹੈ, ਜਿਸ ਨਾਲ ਰਫਤਾਰ ਕਾਬੂ ਹੇਠ ਆ ਜਾਂਦੀ ਹੈ।
-ਇਸ ਪ੍ਰਣਾਲੀ ਤਹਿਤ ਪਟੜੀ ਕੋਲ ਲੱਗੇ ਸਿਗਨਲ ਦੀ ਰੌਸ਼ਨੀ ਕੈਬਿਨ ’ਚ ਪਹੁੰਚਦੀ ਹੈ ਅਤੇ ਇਹ ਰੌਸ਼ਨੀ ਧੁੰਦ ਦੌਰਾਨ ਮੌਸਮ ’ਚ ਬਹੁਤ ਲਾਹੇਵੰਦ ਹੁੰਦੀ ਹੈ।
-ਇਸ ਪ੍ਰਣਾਲੀ ਨਾਲ ਰੇਲ ਗੱਡੀ ਦੀ ਆਵਾਜਾਈ ਦੀ ਨਿਗਰਾਨੀ ਵਾਲੇ ਨੂੰ ਰੇਲ ਗੱਡੀ ਬਾਰੇ ਲਗਾਤਾਰ ਜਾਣਕਾਰੀ ਮਿਲਦੀ ਰਹਿੰਦੀ ਹੈ।
-ਸਿਗਨਲ ’ਤੇ ਅਪਣੇ ਆਪ ਸੀਟੀ ਵਜਦੀ ਹੈ। ਲੋਕੋ ਤੋਂ ਲੋਕੋ ਵਿਚਕਾਰ ਸਿੱਧੇ ਸੰਚਾਰ ਜ਼ਰੀਏ ਰੇਲ ਗੱਡੀਆਂ ਦੀ ਟੱਕਰ ਦਾ ਸ਼ੱਕ ਘੱਟ ਹੋ ਜਾਂਦਾ ਹੈ।
-ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਐਸ.ਓ.ਐਸ. ਰਾਹੀਂ ਨੇੜੇ ਚਲ ਰਹੀਆਂ ਰੇਲ ਗੱਡੀਆਂ ਨੂੰ ਕਾਬੂ ਕੀਤਾ ਜਾਂਦਾ ਹੈ।