
ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ 10 ਦਿਨਾਂ ਅੰਦਰ ਦੇਸ਼ ਵਿਚ ਲੋਕਪਾਲ ਦੀ ਨਿਯੁਕਤੀ ਦੀ ਸਮਾਂ-ਸੀਮਾ ਤੈਅ ਕਰ.....
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ 10 ਦਿਨਾਂ ਅੰਦਰ ਦੇਸ਼ ਵਿਚ ਲੋਕਪਾਲ ਦੀ ਨਿਯੁਕਤੀ ਦੀ ਸਮਾਂ-ਸੀਮਾ ਤੈਅ ਕਰ ਕੇ ਉਸ ਨੂੰ ਦੱਸੇ। ਜੱਜ ਰੰਜਨ ਗੋਗਈ ਅਤੇ ਜੱਜ ਆਰ. ਭਾਨੂਮਤੀ ਦੇ ਬੈਂਚ ਨੇ ਸਰਕਾਰ ਨੂੰ ਕਿਹਾ ਕਿ ਦੇਸ਼ ਵਿਚ ਲੋਕਪਾਲ ਦੀ ਨਿਯੁਕਤੀ ਲਈ ਚੁੱਕੇ ਜਾਣ ਵਾਲੇ ਸੰਭਾਵੀ ਕਦਮਾਂ ਦੀ ਜਾਣਕਾਰੀ ਦਿੰਦਿਆਂ 10 ਦਿਨਾਂ ਅੰਦਰ ਹਲਫ਼ਨਾਮਾ ਦਾਖ਼ਲ ਕਰੋ। ਕੇਂਦਰ ਵਲੋਂ ਪੇਸ਼ ਹੋਏ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਲੋਕਪਾਲ ਦੀ ਨਿਯੁਕਤੀ ਦੇ ਸਬੰਧ ਵਿਚ ਸਰਕਾਰ ਵਲੋਂ ਹਾਸਲ ਲਿਖਤੀ ਨਿਰਦੇਸ਼ ਸੌਂਪੇ।
ਬੈਂਚ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 17 ਜੁਲਾਈ ਤੈਅ ਕੀਤੀ ਹੈ। ਅਦਾਲਤ ਗ਼ੈਰ ਸਰਕਾਰੀ ਜਥੇਬੰਦੀ ਕਾਮਨ ਕਾਜ਼ ਵਲੋਂ ਦਾਖ਼ਲ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਪਟੀਸ਼ਨ ਵਿਚ 27 ਅਪ੍ਰੈਲ 2017 ਦੇ ਅਦਾਲਤ ਦੇ ਫ਼ੈਸਲੇ ਦੇ ਬਾਵਜੂਦ ਲੋਕਪਾਲ ਦੀ ਨਿਯੁਕਤੀ ਨਾ ਕੀਤੇ ਜਾਣ ਦਾ ਮੁੱਦਾ ਚੁਕਿਆ ਗਿਆ ਹੈ। ਅਦਾਲਤ ਨੇ ਪਿਛਲੇ ਸਾਲ ਅਪਣੇ ਫ਼ੈਸਲੇ ਵਿਚ ਕਿਹਾ ਸੀ ਕਿ ਤਜਵੀਜ਼ਤ ਸੋਧਾਂ ਦੇ ਸੰਸਦ ਵਿਚ ਪਾਸ ਹੋਣ ਤਕ ਲੋਕਪਾਲ ਕਾਨੂੰਨ ਨੂੰ ਮੁਅੱਤਲ ਰਖਣਾ ਠੀਕ ਨਹੀਂ। (ਏਜੰਸੀ)