
ਮੌਸਮ ਵਿਭਾਗ ਵਲੋਂ 8 ਜੁਲਾਈ ਤੱਕ ਜਾਰੀ ਕੀਤੀ ਗਈ ਭਵਿੱਖਬਾਣੀ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਤੋਂ ਮੀਂਹ ਸ਼ੁਰੂ ਹੋਣ ਜਾ ਰਿਹਾ ਹੈ
ਨਵੀਂ ਦਿੱਲੀ - ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕ ਮੀਂਹ ਤੋਂ ਬਾਅਦ ਵੱਧ ਨਮੀ ਤੋਂ ਪ੍ਰੇਸ਼ਾਨ ਹਨ। ਐਤਵਾਰ ਨੂੰ ਨਮੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਲੋਕ ਸਵੇਰ ਤੋਂ ਦੇਰ ਰਾਤ ਤੱਕ ਪ੍ਰੇਸ਼ਾਨ ਰਹੇ। ਹੁਣ ਦਿੱਲੀ ਦੇ ਲੋਕ ਮੀਂਹ ਨੂੰ ਉਡੀਕ ਰਹੇ ਹਨ। ਇਸ ਦੌਰਾਨ ਭਾਰਤ ਦੇ ਮੌਸਮ ਵਿਭਾਗ (IMD ਅਲਰਟ) ਨੇ ਕਿਹਾ ਹੈ ਕਿ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਅਗਲੇ ਪੰਜ ਦਿਨਾਂ ਤੱਕ ਮੀਂਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਮੌਸਮ ਵਿਭਾਗ ਵਲੋਂ 8 ਜੁਲਾਈ ਤੱਕ ਜਾਰੀ ਕੀਤੀ ਗਈ ਭਵਿੱਖਬਾਣੀ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਤੋਂ ਮੀਂਹ ਸ਼ੁਰੂ ਹੋਣ ਜਾ ਰਿਹਾ ਹੈ। ਆਈਐਮਡੀ ਨੇ ਸ਼ਨੀਵਾਰ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਅਗਲੇ ਦੋ-ਤਿੰਨ ਦਿਨਾਂ ਤੱਕ ਹਲਕੀ ਬਾਰਿਸ਼ ਹੋਵੇਗੀ। ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਨਰੇਸ਼ ਕੁਮਾਰ ਨੇ ਦੱਸਿਆ ਕਿ ਮਾਨਸੂਨ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਲੋਕਾਂ ਨੂੰ ਕਈ ਦਿਨਾਂ ਤੱਕ ਗਰਮੀ ਅਤੇ ਹੁੰਮਸ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਆਈਐਮਡੀ ਮੁਤਾਬਕ ਸੋਮਵਾਰ ਯਾਨੀ 3 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 37 ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਹੋ ਸਕਦਾ ਹੈ। ਦਿੱਲੀ 'ਚ ਕੁੱਝ ਥਾਵਾਂ 'ਤੇ ਬੱਦਲਵਾਈ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਹਵਾ ਦੀ ਰਫ਼ਤਾਰ ਅੱਠ ਤੋਂ 12 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਦਿੱਲੀ ਸਟੈਂਡਰਡ ਆਬਜ਼ਰਵੇਟਰੀ ਸਫ਼ਦਰਜੰਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਦਿੱਲੀ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਵੇਗੀ।
4 ਅਤੇ 5 ਜੁਲਾਈ ਨੂੰ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਨੇ ਇਨ੍ਹਾਂ ਦੋਵਾਂ ਦਿਨਾਂ ਲਈ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਪਰ ਮੀਂਹ ਕਾਰਨ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਫਿਲਹਾਲ ਹਵਾ 'ਚ ਨਮੀ ਦਾ ਪੱਧਰ 92 ਤੋਂ 54 ਫ਼ੀਸਦੀ ਦਰਜ ਕੀਤਾ ਗਿਆ ਹੈ। ਜਿੱਥੋਂ ਤੱਕ ਦਿੱਲੀ ਦੇ ਵਾਯੂਮੰਡਲ 'ਚ ਹੁੰਮਸ ਭਰੀ ਗਰਮੀ ਦਾ ਸਵਾਲ ਹੈ ਤਾਂ ਐਤਵਾਰ ਨੂੰ ਲੋਕ ਇਸ ਸਮੱਸਿਆ ਤੋਂ ਕਾਫ਼ੀ ਪ੍ਰੇਸ਼ਾਨ ਸਨ।
ਬੱਦਲਾਂ ਦੀ ਹਲਚਲ ਦਰਮਿਆਨ ਸੂਰਜ ਦੀ ਚੁਭਣ ਨੇ ਲੋਕਾਂ ਦੇ ਪਸੀਨੇ ਛੁਡਵਾ ਦਿੱਤੇ ਹਨ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ 35.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਭਾਵ 26 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 8 ਜੁਲਾਈ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ।