
ਭਾਰਤ ਵਲੋਂ ਚੀਨੀ ਫ਼ੌਜੀਆਂ ਦੀ ਮੁਕੰਮਲ ਵਾਪਸੀ 'ਤੇ ਜ਼ੋਰ
ਨਵੀਂ ਦਿੱਲੀ, 2 ਅਗੱਸਤ : ਭਾਰਤੀ ਅਤੇ ਚੀਨੀ ਫ਼ੌਜ ਦੇ ਸਿਖਰਲੇ ਕਮਾਂਡਰਾਂ ਵਿਚਾਲੇ ਪੂਰਬੀ ਲਦਾਖ਼ ਵਿਚ ਅਸਲ ਕੰਟਰੋਲ ਰੇਖਾ ਲਾਗੇ ਟਕਰਾਅ ਵਾਲੀਆਂ ਥਾਵਾਂ ਤੋਂ ਫ਼ੌਜੀਆਂ ਦੇ ਛੇਤੀ ਪਿੱਛੇ ਹਟਣ ਨੂੰ ਯਕੀਨੀ ਕਰਨ ਲਈ ਐਤਵਾਰ ਨੂੰ ਪੰਜਵੇਂ ਗੇੜ ਦੀ ਗੱਲਬਾਤ ਹੋਈ। ਫ਼ੌਜੀ ਸੂਤਰਾਂ ਨੇ ਦਸਿਆ ਕਿ ਦੋ ਮਹੀਨੇ ਅੰਦਰ ਕੋਰ ਕਮਾਂਡਰ ਪੱਧਰ ਦੀ ਇਹ ਪੰਜਵੀਂ ਗੱਲਬਾਤ ਸੀ ਜਿਸ ਦਾ ਮੰਤਵ ਪੂਰਬੀ ਲਦਾਖ਼ ਦੇ ਪੇਂਗੋਂਗ ਸੋ ਇਲਾਕੇ ਵਿਚ ਪੰਜ ਮਈ ਨੂੰ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਕਾਰਨ ਸਰਹੱਦ 'ਤੇ ਪੈਦਾ ਤਦਾਅ ਨੂੰ ਖ਼ਤਮ ਕਰਨਾ ਹੈ। ਬੈਠਕ ਦੇ ਅਸਲ ਕੰਟਰੋਲ ਰੇਖਾ 'ਤੇ ਚੀਨ ਵਲ ਮੋਲਦੋ ਵਿਚ 11 ਵਜੇ ਸ਼ੁਰੂ ਹੋਣ ਦਾ ਪ੍ਰੋਗਰਾਮ ਸੀ।
ਸੂਤਰਾਂ ਨੇ ਦਸਿਆ ਕਿ ਭਾਰਤੀ ਧਿਰ ਨੇ ਪੇਗੋਂਗ ਸੋ ਦੇ ਫ਼ਿੰਗਰ ਇਲਾਕਿਆਂ ਤੋਂ ਚੀਨੀ ਫ਼ੌਜੀਆਂ ਨੂੰ ਪੂਰੀ ਤਰ੍ਹਾਂ ਹਟਾਉਣ 'ਤੇ ਜ਼ੋਰ ਦਿਤਾ। ਇਸ ਤੋਂ ਇਲਾਵਾ ਟਕਰਾਅ ਵਾਲੀਆਂ ਥਾਵਾਂ ਤੋਂ ਵੀ ਫ਼ੌਜੀਆਂ ਨੂੰ ਹਟਾਉਣ ਦੀ ਕਵਾਇਦ ਪੂਰੀ ਕਰਨ 'ਤੇ ਜ਼ੋਰ ਦਿਤਾ ਗਿਆ। ਕੋਰ ਕਮਾਂਡਰ ਪੱਧਰ ਦੀ ਪਿਛਲੀ ਗੱਲਬਾਤ 14 ਜੁਲਾਈ ਨੂੰ ਹੋਈ ਸੀ ਜਿਹੜੀ ਲਗਭਗ 15 ਘੰਟਿਆਂ ਤਕ ਚੱਲੀ। ਗੱਲਬਾਤ ਵਿਚ ਭਾਰਤੀ ਧਿਰ ਨੇ ਚੀਨੀ ਫ਼ੌਜ ਨੂੰ ਬਹੁਤ ਸਪੱਸ਼ਟ ਸੁਨੇਹਾ ਦਿਤਾ ਸੀ ਕਿ ਪੂਰਬੀ ਲਦਾਖ਼ ਵਿਚ ਪਹਿਲਾਂ ਦੀ ਸਥਿਤੀ ਕਾਇਮ ਰੱਖੀ ਜਾਵੇ।
ਇਲਾਕੇ ਵਿਚ ਸ਼ਾਂਤੀ ਕਾਇਮ ਰੱਖਣ ਲਈ ਸਾਂਝੇ ਯਤਨ ਕਰਨ 'ਤੇ ਜ਼ੋਰ ਦਿਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਚੀਨੀ ਫ਼ੌਜ ਗਲਵਾਨ ਘਾਟੀ ਅਤੇ ਟਕਰਾਅ ਵਾਲੇ ਕੁੱਝ ਹੋਰ ਸਥਾਨਾਂ ਤੋਂ ਪਹਿਲਾਂ ਹੀ ਪਿੱਛੇ ਹਟ ਚੁਕੀ ਹੈ ਪਰ ਭਾਰਤ ਦੀ ਮੰਗ ਮੁਤਾਬਕ ਪੇਂਗੋਂਗ ਸੋ ਵਿਚ ਫ਼ਿੰਗਰ ਇਲਾਕਿਆਂ ਤੋਂ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਕਵਾਇਦ ਹਾਲੇ ਸ਼ੁਰੂ ਨਹੀਂ ਹੋਈ। (ਏਜੰਸੀ)