
ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਅੱਜ ਸਵੇਰੇ ਲਦਾਖ ਪਹੁੰਚੇ ਹਨ
ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਅੱਜ ਸਵੇਰੇ ਲਦਾਖ ਪਹੁੰਚੇ ਹਨ, ਜਿੱਥੇ ਉਹਨਾਂ ਨੇ ਦੱਖਣੀ ਪੈਂਗੋਂਗ ਅਤੇ ਹੋਰ ਥਾਵਾਂ ‘ਤੇ ਹਲਾਤਾਂ ਦਾ ਜਾਇਜ਼ਾ ਲਿਆ। ਪਿਛਲੇ ਕਾਫੀ ਸਮੇਂ ਤੋਂ ਭਾਰਤ ਅਤੇ ਚੀਨ ਦੀਆਂ ਸਰਹੱਦਾਂ ‘ਤੇ ਤਣਾਅ ਦੇਖਣ ਨੂੰ ਮਿਲਿਆ ਹੈ।
China and India
ਭਾਰਤ ਨੇ ਇਕ ਵਾਰ ਫਿਰ ਚੀਨ ਵੱਲੋਂ ਘੁਸਪੈਠ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਫੌਜ ਮੁਖੀ ਲਦਾਖ ਪਹੁੰਚੇ ਹਨ। ਉੱਥੇ ਹੀ ਸਰਹੱਦ ‘ਤੇ ਜਾਰੀ ਤਣਾਅ ਵਿਚਕਾਰ ਚੀਨ ਅਤੇ ਭਾਰਤ ਵਿਚ ਬੈਠਕਾਂ ਦਾ ਦੌਰ ਵੀ ਜਾਰੀ ਹੈ। ਇਸ ਦੌਰਾਨ ਭਾਰਤ ਨੇ ਲਦਾਖ ਵਿਚ ਪੈਂਗੋਂਗ ਇਲਾਕੇ ਵਿਚ ਨਾਰਥ ਫਿੰਗਰ 4 ਨੂੰ ਫਿਰ ਅਪਣੇ ਕਬਜ਼ੇ ਵਿਚ ਲੈ ਲਿਆ ਹੈ।
India and China
ਜੂਨ ਮਹੀਨੇ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ ਦੇ ਕਬਜ਼ੇ ਵਿਚ ਇਹ ਇਲਾਕਾ ਪੂਰੀ ਤਰ੍ਹਾਂ ਆ ਗਿਆ ਹੈ। ਹੁਣ ਇੱਥੋਂ ਸਭ ਤੋਂ ਨਜ਼ਦੀਕੀ ਚੀਨੀ ਪੋਸਟ ਫਿੰਗਰ 4 ਦੇ ਈਸਟ ਹਿੱਸੇ ਵਿਚ ਹੈ, ਜੋ ਭਾਰਤੀ ਫੌਜ ਦੀ ਪੁਜ਼ੀਸ਼ਨ ਤੋਂ ਕੁਝ ਮੀਟਰ ਦੀ ਦੂਰੀ ‘ਤੇ ਹੈ। ਦੱਸ ਦਈਏ ਕਿ 29-30 ਅਗਸਤ ਨੂੰ ਚੀਨ ਨੇ ਲਦਾਖ ਦੇ ਪੈਂਗੋਂਗ ਲੇਕ ਇਲਾਕੇ ਵਿਚ ਘੁਸਪੈਠ ਕੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਭਾਰਤੀ ਜਵਾਨਾਂ ਨੇ ਨਾਕਾਮ ਕਰ ਦਿੱਤਾ।
Army
ਭਾਰਤੀ ਫੌਜ ਨੂੰ 29 ਅਗਸਤ ਦੀ ਰਾਤ ਐਲਏਸੀ ਵੱਲੋਂ ਪੈਂਗੋਂਗ ਲੇਕ ਦੇ ਦੱਖਣੀ ਕਿਨਾਰੇ ‘ਤੇ ਕੁਝ ਸ਼ੱਕੀ ਗਤੀਵਿਧੀਆਂ ਦਾ ਪਤਾ ਚੱਲਿਆ ਸੀ। ਇਹ ਚੀਨੀ ਫੌਜੀਆਂ ਦਾ ਕਾਫਲਾ ਸੀ, ਜਿਸ ਵਿਚ ਕਈ ਜੀਪ ਅਤੇ ਐਸਯੂਵੀ ਸ਼ਾਮਲ ਸਨ। ਇਸ ਇਲਾਕੇ ਵਿਚ ਪਹਿਲਾਂ ਤੋਂ ਤੈਨਾਤ ਭਾਰਤੀ ਫੌਜੀਆਂ ਨੇ ਤੁਰੰਤ ਫੁਰਤੀ ਦਿਖਾਈ ਅਤੇ ਤੇਜ਼ੀ ਨਾਲ ਪਹਾੜੀ ‘ਤੇ ਚੜ ਕੇ ਅਪਣਾ ਮੋਰਚਾ ਸੰਭਾਲ ਲਿਆ।
Manoj Mukund Naravane
ਉੱਥੇ ਹੀ ਤਣਾਅ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਦਾ ਦੌਰ ਵੀ ਜਾਰੀ ਹੈ। ਬੁੱਧਵਾਰ ਨੂੰ ਵੀ ਬ੍ਰਿਗੇਡੀਅਰ ਪੱਧਰ ਦੀ ਬੈਠਕ ਹੋਈ। ਹਾਲਾਂਕਿ ਕੋਈ ਨਤੀਜਾ ਨਹੀਂ ਨਿਕਲਿਆ ਹੈ।ਫੌਜ ਦੇ ਸੂਤਰ ਦੱਸਦੇ ਹਨ ਕਿ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਇਸ ਦੋ ਦਿਨਾਂ ਦੌਰੇ ਦੌਰਾਨ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।