
- ਵਿਦਿਆਰਥੀ ਤੋਂ ਗਲਤੀ ਨਾਲ ਲੱਗ ਗਿਆ ਸੀ ਅਧਿਆਪਕ ਦੇ ਮੋਟਰਸਾਈਕਲ ਨੂੰ ਹੱਥ
ਬਲੀਆ - ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿਚ ਇੱਕ ਸਕੂਲ ਅਧਿਆਪਕ ਦੁਆਰਾ ਮੋਟਰਸਾਈਕਲ ’ਤੇ ਹੱਥ ਰੱਖਣ ਕਾਰਨ ਦਲਿਤ ਵਿਦਿਆਰਥੀ ਦੀ ਕੁੱਟਮਾਰ ਕਰਨ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮੁੱਢਲੀ ਸਿੱਖਿਆ ਅਫ਼ਸਰ ਮਨੀਰਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਲਾਕ ਸਿੱਖਿਆ ਅਫ਼ਸਰ ਵੱਲੋਂ ਮੁੱਢਲੀ ਜਾਂਚ ਕੀਤੀ ਗਈ ਸੀ ਅਤੇ ਜਾਂਚ ਰਿਪੋਰਟ ਵਿਚ ਪਹਿਲੀ ਨਜ਼ਰੇ ਦੋਸ਼ੀ ਪਾਇਆ ਗਿਆ ਹੈ। ਮਨੀਰਾਮ ਸਿੰਘ ਨੇ ਦੱਸਿਆ ਕਿ ਦੋਸ਼ੀ ਅਧਿਆਪਕ ਕ੍ਰਿਸ਼ਨ ਮੋਹਨ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਪੁਲਿਸ ਨੇ ਸ਼ਨੀਵਾਰ ਨੂੰ ਅਧਿਆਪਕ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਇਸ ਤੋਂ ਬਾਅਦ ਸ਼ਨੀਵਾਰ ਨੂੰ ਜ਼ਿਲਾ ਬੇਸਿਕ ਸਿੱਖਿਆ ਅਫ਼ਸਰ ਨੇ ਦੋਸ਼ੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਅਨੁਸਾਰ ਜ਼ਿਲ੍ਹੇ ਦੇ ਨਾਗਰਾ ਥਾਣਾ ਖੇਤਰ ਦੇ ਪਿੰਡ ਭੀਮਪੁਰਾ ਨੰਬਰ 2 ਦਾ ਰਹਿਣ ਵਾਲਾ ਵਿਵੇਕ ਸਿੱਖਿਆ ਖੇਤਰ ਦੇ ਹਾਇਰ ਸੈਕੰਡਰੀ ਸਕੂਲ ਰਾਣੂਪੁਰ ਵਿਚ ਛੇਵੀਂ ਜਮਾਤ ਦਾ ਵਿਦਿਆਰਥੀ ਹੈ।
ਵਿਦਿਆਰਥੀ ਵਿਵੇਕ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਸਵੇਰੇ 10.30 ਵਜੇ ਲੰਚ ਬ੍ਰੇਕ ਦੌਰਾਨ ਉਸ ਦਾ ਹੱਥ ਗਲਤੀ ਨਾਲ ਸਕੂਲ ਅਧਿਆਪਕ ਕ੍ਰਿਸ਼ਨ ਮੋਹਨ ਸ਼ਰਮਾ ਦੇ ਮੋਟਰਸਾਈਕਲ 'ਤੇ ਲੱਗ ਗਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਅਧਿਆਪਕ ਕਥਿਤ ਤੌਰ 'ਤੇ ਉਸ ਨੂੰ ਸਕੂਲ ਦੇ ਇੱਕ ਕਮਰੇ ਵਿਚ ਲੈ ਗਿਆ ਅਤੇ ਉਸ ਦਾ ਕਾਲਰ ਫੜ ਕੇ ਕਮਰੇ ਵਿਚ ਬੰਦ ਕਰ ਦਿੱਤਾ।
ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਨੂੰ ਲੋਹੇ ਦੇ ਪਾਈਪ ਅਤੇ ਝਾੜੂ ਨਾਲ ਕੁੱਟਿਆ ਗਿਆ ਅਤੇ ਉਸ ਦੀ ਗਰਦਨ ਦਬਾ ਦਿੱਤੀ ਗਈ। ਵਿਵੇਕ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦਖ਼ਲ ਦੇ ਕੇ ਉਸ ਨੂੰ ਬਚਾਇਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਸਕੂਲ 'ਚ ਹੰਗਾਮਾ ਕਰ ਦਿੱਤਾ।
ਨਗਾਰਾ ਥਾਣਾ ਇੰਚਾਰਜ ਦੇਵੇਂਦਰ ਨਾਥ ਦੂਬੇ ਅਤੇ ਬਲਾਕ ਸਿੱਖਿਆ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾ ਕੇ ਹੰਗਾਮਾ ਖ਼ਤਮ ਕਰਵਾਇਆ।
ਥਾਣਾ ਇੰਚਾਰਜ ਦੇਵੇਂਦਰ ਨਾਥ ਦੂਬੇ ਨੇ ਦੱਸਿਆ ਕਿ ਦਲਿਤ ਵਿਦਿਆਰਥੀ ਦੀ ਮਾਂ ਕੌਸ਼ਿਲਾ ਦੀ ਸ਼ਿਕਾਇਤ 'ਤੇ ਅਧਿਆਪਕ ਕ੍ਰਿਸ਼ਨ ਮੋਹਨ ਸ਼ਰਮਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।