
ਡਰੋਨ ਹਮਲੇ 'ਤੇ CM ਬੀਰੇਨ ਸਿੰਘ ਦਾ ਬਿਆਨ, ਕਿਹਾ- 'ਇਹ ਅੱਤਵਾਦੀ ਹਮਲਾ, ਮੁੰਹਤੋੜ ਜਵਾਬ ਦਿੱਤਾ ਜਾਵੇਗਾ
Drone Attack In Manipur : ਮਨੀਪੁਰ ਦੇ ਇੰਫਾਲ ਪਛਮੀ ਜ਼ਿਲ੍ਹੇ ’ਚ ਸ਼ੱਕੀ ਅਤਿਵਾਦੀਆਂ ਨੇ ਇਕ ਡਰੋਨ ਤੋਂ ਬੰਬ ਸੁੱਟ ਕੇ ਹਮਲਾ ਕੀਤਾ, ਜਿਸ ’ਚ 23 ਸਾਲ ਦੀ ਇਕ ਔਰਤ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ।
ਪੁਲਿਸ ਨੇ ਦਸਿਆ, ‘‘ਸੋਮਵਾਰ ਸ਼ਾਮ ਕਰੀਬ 6:20 ਵਜੇ ਇਕ ਰਿਹਾਇਸ਼ੀ ਇਲਾਕੇ ’ਚ ਡਰੋਨ ਰਾਹੀਂ ਘੱਟੋ-ਘੱਟ ਦੋ ਵਿਸਫੋਟਕ ਸੁੱਟੇ ਗਏ, ਜਿਸ ’ਚ ਇਕ ਔਰਤ ਅਤੇ ਦੋ ਹੋਰ ਲੋਕ ਜ਼ਖਮੀ ਹੋ ਗਏ।’’
ਪੁਲਿਸ ਨੇ ਦਸਿਆ ਕਿ ਪੀੜਤਾ ਸੇਂਜਮ ਚਿਰੰਗ ਇਲਾਕੇ ’ਚ ਅਪਣੇ ਘਰ ’ਚ ਸੀ, ਜਦੋਂ ਬੰਬ ਲੋਹੇ ਦੀ ਛੱਤ ਨੂੰ ਪਾਰ ਕਰ ਕੇ ਉਸ ਦੇ ਘਰ ’ਤੇ ਡਿੱਗ ਪਿਆ ਅਤੇ ਧਮਾਕਾ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਕੰਗਪੋਕਪੀ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ ਦੇ ਨੀਵੇਂ ਪਿੰਡ ਸੇਂਜਮ ਚਿਰੰਗ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ।
ਇਹ ਸਥਾਨ ਕੋਟਰੂਕ ਤੋਂ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਹੈ ਜਿੱਥੇ ਐਤਵਾਰ ਨੂੰ ਇਸੇ ਤਰ੍ਹਾਂ ਦੇ ਹਮਲੇ ’ਚ ਦੋ ਵਿਅਕਤੀ ਮਾਰੇ ਗਏ ਸਨ ਅਤੇ ਨੌਂ ਹੋਰ ਜ਼ਖਮੀ ਹੋ ਗਏ ਸਨ।
ਇਸ ਦੌਰਾਨ ਮਨੀਪੁਰ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਕੰਗਪੋਕਪੀ ਜ਼ਿਲ੍ਹੇ ’ਚ ਤਲਾਸ਼ੀ ਮੁਹਿੰਮ ਦੌਰਾਨ ਖਾਰਮ ਵੇਈਫੇਈ ਪਿੰਡ ਤੋਂ ਇਕ ਡਰੋਨ ਬਰਾਮਦ ਕੀਤਾ ਗਿਆ। ਕੰਗਪੋਕਪੀ ਜ਼ਿਲ੍ਹੇ ਦੇ ਕੰਗਚੁਪ ਪੋਨਲੇਨ ਵਿਖੇ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਸਨ।