
ਖੇਤਰੀ ਵਪਾਰਕ ਆਰਥਕ ਹਿੱਸੇਦਾਰੀ (ਆਰ.ਸੀ.ਈ.ਪੀ.) ਨੂੰ ਅੰਤਮ ਰੂਪ ਦੇਣ ਲਈ ਗੱਲਬਾਤ ਦੇ ਆਖ਼ਰੀ ਦੌਰ 'ਚ ਪੁੱਜਣ ਤੇ ਸਾਰਿਆਂ ਦੀਆਂ ਨਜ਼ਰਾਂ ਭਾਰਤ ਵਲ ਲੱਗੀਆਂ ਹੋਈਆਂ ਹਨ
ਬੈਂਕਾਕ : ਚਿਰ ਉਡੀਕਵੇਂ ਖੇਤਰੀ ਵਪਾਰਕ ਆਰਥਕ ਹਿੱਸੇਦਾਰੀ (ਆਰ.ਸੀ.ਈ.ਪੀ.) ਨੂੰ ਅੰਤਮ ਰੂਪ ਦੇਣ ਲਈ ਗੱਲਬਾਤ ਦੇ ਆਖ਼ਰੀ ਦੌਰ 'ਚ ਪੁੱਜਣ ਤੇ ਸਾਰਿਆਂ ਦੀਆਂ ਨਜ਼ਰਾਂ ਭਾਰਤ ਵਲ ਲੱਗੀਆਂ ਹੋਈਆਂ ਹਨ ਕਿ ਕੀ ਉਹ 16-ਏਸ਼ੀਆ ਪ੍ਰਸ਼ਾਂਤ ਦੇਸ਼ਾਂ ਨਾਲ ਜੁੜੇ ਦੁਨੀਆਂ ਦੇ ਸੱਭ ਤੋਂ ਵੱਡੇ ਕਾਰੋਬਾਰੀ ਸਮਝੌਤੇ ਲਈ ਸਹਿਮਤ ਹੋਵੇਗਾ? 16 ਦੇਸ਼ਾਂ 'ਚ ਇਕ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਚਲ ਰਹੀ ਹੈ ਅਤੇ ਭਾਰਤ ਨੂੰ ਇਸ ਸਮਝੌਤੇ 'ਤੇ ਹਸਤਾਖ਼ਰ ਕਰਨ ਲਈ ਮਨਾਉਣ ਬਾਰੇ ਨਵੇਂ ਸਿਰੇ ਤੋਂ ਕੋਸ਼ਿਸ਼ਾਂ ਤੇਜ਼ ਹੋਈਆਂ ਹਨ।
ਕਈ ਸਿਆਸੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਬੈਂਕਾਕ ਦੇ ਨੋਂਥਬਰੀ 'ਚ ਸਿਖ਼ਰ ਬੈਠਕ ਦੌਰਾਨ ਭਾਰਤ ਨੂੰ ਛੱਡ ਕੇ ਸਾਰੇ 15 ਆਰ.ਸੀ.ਈ.ਪੀ. ਮੈਂਬਰ ਦੇਸ਼ ਇਸ ਸੌਦੇ ਨੂੰ ਅੰਤਮ ਰੂਪ ਦੇਣ ਲਈ ਸਹਿਮਤ ਸਨ। ਇਸ ਸਮਝੌਤੇ 'ਤੇ ਵੱਖੋ-ਵੱਖ ਬੈਠਕਾਂ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਮੀਦ ਤੋਂ ਜ਼ਿਆਦਾ ਘਾਟੇ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦਾ ਹੱਲ ਕਰਨਾ ਮਹੱਤਵਪੂਰਨ ਹੈ ਅਤੇ ਭਾਰਤ ਦੇ ਵਿਸ਼ਾਲ ਬਾਜ਼ਾਰ ਨੂੰ ਖੋਲ੍ਹੇ ਜਾਣ ਨਾਲ ਉਨ੍ਹਾਂ ਖੇਤਰਾਂ 'ਚ ਵੀ ਖੁੱਲ੍ਹਾਪਨ ਹੋਣਾ ਚਾਹੀਦਾ ਹੈ ਜਿਥੇ ਭਾਰਤੀ ਕਾਰੋਬਾਰੀਆਂ ਨੂੰ ਲਾਭ ਹੋ ਸਕਦਾ ਹੈ।
PM Modi arrives in Bangkok on three-day visit
ਉਹ ਆਰ.ਸੀ.ਈ.ਪੀ. ਦੇ ਨਾਲ ਹੀ ਅਗਲੇ ਤਿੰਨ ਦਿਨਾਂ 'ਚ ਨੋਂਕਬਰੀ 'ਚ ਦੋ ਹੋਰ ਮਹੱਤਵਪੂਰਨ ਸ਼ਿਖਰ ਸੰਮੇਲਨਾਂ 'ਚ ਹਿੱਸਾ ਲੈਣਗੇ। ਮੋਦੀ ਨੇ 'ਬੈਂਕਾਕ ਪੋਸਟ' ਅਖ਼ਬਾਰ ਦੇ ਨਾਲ ਇੱਕ ਇੰਟਰਵਿਊ 'ਚ ਕਿਹਾ, ''ਅਸੀਂ ਸਪੱਸ਼ਟ ਤਰੀਕੇ ਨਾਲ ਢੁਕਵੇਂ ਮਤੇ ਸਾਹਮਣੇ ਰੱਖੇ ਹਨ ਅਤੇ ਗੰਭੀਰਤਾ ਨਾਲ ਗੱਲਬਾਤ 'ਚ ਸ਼ਾਮਲ ਹਾਂ। ਅਸੀਂ ਅਪਣੇ ਕਈ ਸਹਿਯੋਗੀਆਂ ਦੀਆਂ ਉਮੀਦਾਂ ਅਨੁਸਾਰ ਸੇਵਾਵਾਂ ਦਾ ਪੱਧਰ ਚਾਹੁੰਦੇ ਹਾਂ। ਇੱਥੋਂ ਤਕ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਿਆਰ ਹਾਂ।''
ਉਨ੍ਹਾਂ ਨੇ ਕਿਹਾ ਕਿ ਕੁਲ ਮਿਲਾ ਕੇ ਸਾਡਾ ਰੁਖ਼ ਸਪੱਸ਼ਟ ਹੈ ਕਿ ਦੁਵੱਲੇ ਰੂਪ ਨਾਲ ਲਾਭਕਾਰੀ ਆਰ.ਸੀ.ਈ.ਪੀ., ਜਿਸ ਤੋਂ ਸਾਰੀਆਂ ਧਿਰਾਂ ਨੂੰ ਢੁਕਵਾਂ ਲਾਭ ਹੋਵੇ, ਭਾਰਤ ਅਤੇ ਗੱਲਬਾਤ 'ਚ ਸ਼ਾਮਲ ਸਾਰੇ ਹਿੱਸੇਦਾਰਾਂ ਦੇ ਹਿਤ 'ਚ ਹੈ।''
ਪ੍ਰਧਾਨ ਮੰਤਰੀ 16ਵੇਂ ਆਸਿਆਨ-ਭਾਰਤ ਸ਼ਿਖਰ ਸੰਮੇਲਨ, 14ਵੇਂ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਅਤੇ ਆਰ.ਸੀ.ਈ.ਪੀ. ਦੀ ਤੀਜੀ ਸ਼ਿਖਰ ਬੈਠਕ 'ਚ ਹਿੱਸਾ ਲੈਣਗੇ। ਮੋਦੀ ਨੇ ਅਪਣੀ ਯਾਤਰਾ ਤੋਂ ਪਹਿਲਾਂ ਨਵੀਂ ਦਿੱਲੀ 'ਚ ਇਕ ਬਿਆਨ 'ਚ ਕਿਹਾ, ''ਆਰ.ਸੀ.ਈ.ਪੀ. ਸਿਖਰ ਸੰਮੇਲਨ ਦੌਰਾਨ ਅਸੀਂ ਆਰ.ਸੀ.ਈ.ਪੀ. ਗੱਲਬਾਤ 'ਚ ਤਰੱਕੀ ਦੀ ਸਮੀਖਿਆ ਕਰਾਂਗੇ। ਇਸ ਸਿਖਰ ਸੰਮੇਲਨ ਦੌਰਾਨ ਮਾਲ, ਸੇਵਾਵਾਂ ਅਤੇ ਨਿਵੇਸ਼ਾਂ 'ਚ ਭਾਰਤ ਦੀਆਂ ਚਿੰਤਾਵਾਂ ਅਤੇ ਵਪਾਰਕ ਹਿਤਾਂ ਸਮੇਤ ਸਾਰੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਸਮਾਯੋਜਿਤ ਕੀਤਾ ਜਾ ਰਿਹਾ ਹੈ।'' ਆਸਿਆਨ ਦੇ 10 ਮੈਂਬਰਾਂ ਦੇਸ਼ਾਂ ਤੋਂ ਇਲਾਵਾ ਪੂਰਬੀ ਏਸ਼ੀਆ ਸਿਖਰ ਸੰਮੇਲਨ 'ਚ ਭਾਰਤ, ਚੀਨ, ਜਾਪਾਨ, ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਰੂਸ ਸ਼ਾਮਲ ਹਨ।
ਆਰ.ਸੀ.ਈ.ਪੀ. ਨਾਲ ਅਰਥਚਾਰੇ ਨੂੰ ਵੱਡੀ ਢਾਹ ਲਾਉਣ ਦੀ ਤਿਆਰੀ 'ਚ ਹੈ ਸਰਕਾਰ : ਸੋਨੀਆ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਰਥਚਾਰੇ 'ਚ ਸੁਸਤੀ ਅਤੇ ਖੇਤਰੀ ਆਰਥਕ ਸਾਂਝਦਾਰੀ ਸਮਝੌਤੇ (ਆਰ.ਸੀ.ਈ.ਪੀ.) ਨੂੰ ਲੈ ਕੇ ਸਨਿਚਰਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਇਆ ਕਿ ਸਰਕਾਰ ਆਰ.ਸੀ.ਈ.ਪੀ. ਰਾਹੀਂ ਪਹਿਲਾਂ ਹੀ ਬੁਰੀ ਸਥਿਤੀ ਦਾ ਸਾਹਮਣਾ ਕਰ ਰਹੀ ਭਾਰਤੀ ਅਰਥਵਿਵਸਥਾ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਤਿਆਰੀ 'ਚ ਹੈ। ਨਾਲ ਹੀ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇਸ ਵਪਾਰ ਸਮਝੌਤੇ ਨੂੰ ਲੈ ਕੇ ਸਨਿਚਰਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਦੋਸ਼ ਲਾਇਆ ਕਿ ਇਹ ਕਿਸਾਨਾਂ ਦੇ ਸਾਰੇ ਹਿਤਾਂ ਨੂੰ ਨਿਗਲ ਜਾਵੇਗਾ ਕਿਉਂਕਿ ਉਨ੍ਹਾਂ ਦੇ ਉਤਪਾਦ ਵੇਚਣ ਦੀ ਥਾਂ ਸੀਮਤ ਹੋ ਕੇ ਰਹਿ ਜਾਵੇਗੀ।
Sonia Gandhi
ਪਾਰਟੀ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਦੀ ਬੈਠਕ 'ਚ ਸੋਨੀਆ ਗਾਂਧੀ ਨੇ ਇਹ ਦੋਸ਼ ਲਾਇਆ ਕਿ ਅਰਥਚਾਰੇ ਦੀ ਖ਼ਰਾਬ ਸਥਿਤੀ ਨੂੰ ਮੰਨਣ ਅਤੇ ਇਸ ਨੂੰ ਠੀਕ ਕਰਨ ਦੇ ਕਦਮ ਚੁੱਕਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਸੁਰਖ਼ੀਆਂ 'ਚ ਰਹਿਣ ਅਤੇ ਪ੍ਰੋਗਰਾਮ' ਕਰਵਾਉਣ 'ਚ ਰੁੱਝੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇ ਇਸ ਰੁਖ਼ ਦੀ ਲੱਖਾਂ ਭਾਰਤੀ ਨਾਗਰਿਕਾਂ, ਅਤੇ ਖ਼ਾਸ ਕਰ ਕੇ ਬੇਰੁਜ਼ਗਾਰ ਨੌਜੁਆਨਾਂ ਅਤੇ ਕਿਸਾਨਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਆਰ.ਸੀ.ਈ.ਪੀ. ਸਮਝੌਤੇ ਨਾਲ ਸਾਡੇ ਕਿਸਾਨਾਂ, ਦੁਕਾਨਦਾਰਾਂ, ਛੋਟੇ ਅਤੇ ਦਰਮਿਆਨੀਆਂ ਇਕਾਈਆਂ ਨੂੰ ਗੰਭੀਰ ਬੁਰੇ ਨਤੀਜੇ ਭੁਗਤਣੇ ਪੈਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।