
ਕੇਂਦਰਪਾੜਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਜੱਜ ਤ੍ਰਿਦਿਕਰਮ ਕੇਸ਼ਰੀ ਛਿਨਹਾਰਾ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ।
ਕੇਂਦਰਪਾੜਾ - ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਤਿੰਨ ਸਾਲ ਪਹਿਲਾਂ ਇੱਕ 9 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ 92 ਸਾਲਾ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਕੇਂਦਰਪਾੜਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਜੱਜ ਤ੍ਰਿਦਿਕਰਮ ਕੇਸ਼ਰੀ ਛਿਨਹਾਰਾ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ।
ਅਦਾਲਤ ਨੇ ਦੋਸ਼ੀ 'ਤੇ 3,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਅਤੇ ਰਕਮ ਅਦਾ ਨਾ ਕਰਨ 'ਤੇ ਉਸ ਨੂੰ 6 ਮਹੀਨੇ ਦੀ ਹੋਰ ਕੈਦ ਕੱਟਣੀ ਪਵੇਗੀ। ਦੋਸ਼ੀ ਨੇ 26 ਜਨਵਰੀ 2019 ਨੂੰ ਲੜਕੀ ਨਾਲ ਛੇੜਛਾੜ ਕੀਤੀ ਸੀ, ਜਦੋਂ ਉਹ ਮਾਰਸ਼ਘਾਈ ਖੇਤਰ ਦੇ ਇੱਕ ਪਿੰਡ ਵਿੱਚ ਆਪਣੇ ਘਰ ਵਿੱਚ ਇਕੱਲੀ ਸੀ। ਵਿਅਕਤੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਹਾਲਾਂਕਿ, ਲੜਕੀ ਨੇ ਘਟਨਾ ਬਾਰੇ ਆਪਣੇ ਮਾਪਿਆਂ ਨੂੰ ਸੂਚਿਤ ਕੀਤਾ ਅਤੇ ਉਸ ਦੀ ਮਾਂ ਨੇ ਬਜ਼ੁਰਗ ਦੇ ਖਿਲਾਫ ਐਫ਼.ਆਈ.ਆਰ. ਦਰਜ ਕਰਵਾਈ। ਵਿਸ਼ੇਸ਼ ਸਰਕਾਰੀ ਵਕੀਲ ਮਨੋਜ ਕੁਮਾਰ ਸਾਹੂ ਨੇ ਦੱਸਿਆ ਕਿ ਮੁਲਜ਼ਮ ਨੂੰ ਐਫ਼.ਆਈ.ਆਰ. ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।