ਇਕ ਪੁਲ ਟੁਟਿਆ ਸੀ ਬੰਗਾਲ ਵਿਚ ਹੁਣ ਇਕ ਪੁਲ ਟੁਟਿਆ ਹੈ ਗੁਜਰਾਤ ਵਿਚ! ਫ਼ਰਕ ਵੇਖੋ ਜ਼ਰਾ!
Published : Nov 3, 2022, 6:59 am IST
Updated : Nov 3, 2022, 9:58 am IST
SHARE ARTICLE
Morbi bridge collapse
Morbi bridge collapse

ਕਿਸੇ ਨੇ ਇਹ ਨਹੀਂ ਆਖਿਆ ਕਿ ਸਰਕਾਰ ਨੂੰ ਪੁੱਛੋ ਕਿ ਜੇ ਇਕ ਪੁਲ ਕਿਸੇ ਬੱਚੇ ਦੇ ਠੁੱਡ ਨਾਲ ਟੁੱਟ ਸਕਦਾ ਹੈ ਤਾਂ ਫਿਰ ਉਸ ਨੂੰ ਖੋਲ੍ਹਣ ਦੀ ਕਾਹਲ ਕਿਉਂ ਕੀਤੀ?

 

ਐਤਵਾਰ ਵਾਲੇ ਦਿਨ, 30 ਅਕਤੂਬਰ ਨੂੰ ਗੁਜਰਾਤ ਵਿਚ ਇਕ ਪੁਲ ਟੁਟਦਾ ਹੈ ਜਿਸ ਨਾਲ 141 ਮੌਤਾਂ ਹੁਣ ਤਕ ਹੋ ਚੁਕੀਆਂ ਹਨ। ਇਹ ਪੁਲ ਅੰਗਰੇਜ਼ਾਂ ਦੇ ਸਮੇਂ ਦਾ ਪੁਲ ਸੀ ਜਿਸ ਨੂੰ ਮੁਰੰਮਤ ਤੋਂ ਬਾਅਦ ਅਜੇ ਚਾਰ ਦਿਨ ਪਹਿਲਾਂ ਲੰਮੇ ਅਰਸੇ ਬਾਅਦ ਦੁਬਾਰਾ ਜਨਤਾ ਵਾਸਤੇ ਖੋਲ੍ਹਿਆ ਗਿਆ ਸੀ। ਇਸ ਪੁਲ ਦਾ ਟੁਟਣਾ ਇਕ ਹਾਦਸਾ ਨਹੀਂ ਬਲਕਿ ਇਕ ਅਪਰਾਧਿਕ ਅਣਗਹਿਲੀ ਹੈ ਕਿਉਂਕਿ ਇਸ ਹਾਦਸੇ ਵਿਚ ਸਾਰੇ ਸਿਸਟਮ ਦਾ ਲਾਲਚ ਤੇ ਲਾਪ੍ਰਵਾਹੀ 141 ਲੋਕਾਂ ਦੀ ਮੌਤ ਦਾ ਕਾਰਨ ਬਣਨਗੇ। ਜਿਸ ਤਰ੍ਹਾਂ ਇਸ ਹਾਦਸੇ ਤੋਂ ਬਾਅਦ ਇਸ ਨਾਲ ਨਿਪਟਿਆ ਜਾ ਰਿਹਾ ਹੈ, ਸਾਫ਼ ਜ਼ਾਹਰ ਹੈ ਕਿ ਸਾਡੀ ਜ਼ਮੀਰ ਮਰ ਚੁੱਕੀ ਹੈ। ਇਸ ਦੇਸ਼ ਵਿਚ ਇਨਸਾਨ ਦੀ ਜਾਨ ਦੀ ਕਦਰ ਹੀ ਕੋਈ ਨਹੀਂ ਰਹੀ।

ਜਦ ਬੰਗਾਲ ਵਿਚ ਇਕ ਪੁਲ ਦਾ ਹਿੱਸਾ ਡਿਗਿਆ ਸੀ ਤਾਂ ਪ੍ਰਧਾਨ ਮੰਤਰੀ ਨੇ ਬੰਗਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਉਸ ਹਾਦਸੇ ਨੂੰ ਲੋਕਾਂ ਨਾਲ ‘ਧੋਖਾ’ ਕਰਾਰ ਦਿਤਾ ਸੀ। ਉਸ ਵਕਤ ਬੰਗਾਲ ਵਿਚ ਚੋਣਾਂ ਹੋ ਰਹੀਆਂ ਸਨ ਤੇ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹੁਣ ਜਦ ਗੁਜਰਾਤ ਵਿਚ ਪੁਲ ਡਿਗਿਆ ਹੈ ਤਾਂ ਸਿਰਫ਼ ਟਿਕਟ ਕੱਟਣ ਵਾਲੇ ਤੇ ਪੁਲ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਛੋਟੇ ਅਧਿਕਾਰੀ ਹੀ ਐਫ਼.ਆਈ.ਆਰ. ਦੇ ਘੇਰੇ ਵਿਚ ਲਏ ਗਏ। ਪਰ ਕਿਉਂਕਿ ਸਮਾਂ ਚੋਣਾਂ ਦਾ ਹੈ, ਕਿਸੇ ਨੂੰ ਨਰਾਜ਼ ਨਹੀਂ ਕੀਤਾ ਜਾ ਸਕਦਾ। ਦੋਸ਼ ਛੋਟੇ ਅਧਿਕਾਰੀਆਂ ਦੇ ਗਲੇ ਮੜ੍ਹ ਕੇ ਵੇਲਾ ਸੰਭਾਲਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਅੱਜ ਜੇ ਗੁਜਰਾਤ ਦੇ ਮੁੱਖ ਮੰਤਰੀ ਦੀ ਜ਼ਮੀਰ ਜਾਗਦੀ ਹੁੰਦੀ ਤਾਂ ਉਹ ਅਪਣੇ ਪੀ.ਡਬਲਿਊ.ਡੀ ਮੰਤਰੀ ਨੂੰ ਮੁਅੱਤਲ ਕਰ ਦੇਂਦੇ, ਇਸ ਕੰਪਨੀ ਦੇ ਮਾਲਕ ਨੂੰ ਜੇਲ ਵਿਚ ਸੁਟ ਦੇਂਦੇ ਤੇ 141 ਲੋਕਾਂ ਦੀ ਮੌਤ ਲਈ ਸੂਬੇ ਵਿਚ ਤੁਰਤ ਸੋਗ ਮਨਾਉਣ ਦਾ ਐਲਾਨ ਕਰ ਦੇਂਦੇ।

ਪਰ ਗੁਜਰਾਤ ਵਿਚ ਚੋਣ ਪ੍ਰਚਾਰ ਚਲ ਰਿਹਾ ਹੈ ਜਿਸ ਕਾਰਨ ਝਟ ਮ੍ਰਿਤਕਾਂ ਨੂੰ ਦੇਣ ਲਈ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਪੈਸਾ ਦੇਣ ਦਾ ਐਲਾਨ ਪਹਿਲਾਂ ਕਰ ਦਿਤਾ ਤੇ ਸੋਗ ਦਿਵਸ ਦਾ ਐਲਾਨ ਬਾਅਦ ਵਿਚ ਕੀਤਾ ਕਿਉਂਕਿ ਉਹ ਅਜੇ ਚੋਣ ਪ੍ਰਚਾਰ ਵਿਚ ਮਸਰੂਫ਼ ਸਨ। ਜਿਹੜਾ ਦੇਸ਼ 141 ਨਾਗਰਿਕਾਂ ਦੀ ਸਰਕਾਰੀ ਅਣਗਹਿਲੀ ਕਾਰਨ ਬੇਵਕਤ ਮੌਤ ਤੇ ਰੁਕ ਕੇ ਤੁਰਤ ਸੋਗ ਨਹੀਂ ਮਨਾ ਸਕਦਾ, ਉਸ ਦੇਸ਼ ਦੀ ਜ਼ਮੀਰ ਜ਼ਿੰਦਾ ਨਹੀਂ ਆਖੀ ਜਾ ਸਕਦੀ।

ਅੱਜ ਕਿਸ ਨੂੰ ਪ੍ਰਵਾਹ ਹੈ ਕਿ ਗੁਜਰਾਤ ਦੇ ਇਸ ਹਾਦਸੇ ਵਿਚ ਸੱਭ ਤੋਂ ਜ਼ਿਆਦਾ ਮੌਤਾਂ ਬੱਚੀਆਂ ਤੇ ਔਰਤਾਂ ਦੀਆਂ ਹੋਈਆਂ ਹਨ। ਚਰਚਾ ਇਹ ਚਲ ਰਹੀ ਹੈ ਕਿ ਕੀ ਇਸ ਨਾਲ ਭਾਜਪਾ ਦੀਆਂ ਵੋਟਾਂ ਤੇ ਫ਼ਰਕ ਪਵੇਗਾ? ਕੀ ‘ਆਪ’ ਜਾਂ ਕਾਂਗਰਸ ਨੂੰ ਫ਼ਾਇਦਾ ਮਿਲ ਸਕਦਾ ਹੈ? ਕੁੱਝ ਟੀਵੀ ਚੈਨਲਾਂ ਨੇ ਇਹ ਗੱਲ ਵੀ ਚਰਚਾ ਵਿਚ ਲਿਆਉਣ ਦਾ ਯਤਨ ਕੀਤਾ ਕਿ ਕੁੱਝ ਬੱਚੇ ਇਸ ਪੁਲ ਤੇ ਖੇਡ ਰਹੇ ਸਨ ਤੇ ਤਾਰਾਂ ਨੂੰ ਠੁੱਡੇ ਮਾਰ ਰਹੇ ਸਨ ਜਿਸ ਦੇ ਜਵਾਬ ਵਿਚ ਸੋਸ਼ਲ ਮੀਡੀਆ ਤੇ ਬੈਠੇ ਸਿਆਣਿਆਂ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਇਹ ਮੁਸਲਮਾਨ ਬੱਚੇ ਸਨ ਤੇ ਇਹ ‘ਪੁਲ ਜਿਹਾਦ’ ਹੈ।

ਕਿਸੇ ਨੇ ਇਹ ਨਹੀਂ ਆਖਿਆ ਕਿ ਸਰਕਾਰ ਨੂੰ ਪੁੱਛੋ ਕਿ ਜੇ ਇਕ ਪੁਲ ਕਿਸੇ ਬੱਚੇ ਦੇ ਠੁੱਡ ਨਾਲ ਟੁੱਟ ਸਕਦਾ ਹੈ ਤਾਂ ਫਿਰ ਉਸ ਨੂੰ ਖੋਲ੍ਹਣ ਦੀ ਕਾਹਲ ਕਿਉਂ ਕੀਤੀ? ਇਹ ਫ਼ੈਸਲਾ ਕਿਸ ਨੇ ਕੀਤਾ ਕਿ ਜਿਸ ਪੁਲ ਤੇ 150 ਲੋਕਾਂ ਦਾ ਭਾਰ ਚੁੱਕਣ ਦੀ ਤਾਕਤ ਹੈ, ਉਸ ਤੇ ਹੁਣ ਟਿਕਟਾਂ ਦੇ ਲਾਲਚ ਵਿਚ 300 ਲੋਕ ਚਾੜ੍ਹ ਦਿਤੇ ਜਾਣ? ਇਹ ਵੀ ਨਹੀਂ ਪੁਛਿਆ ਜਾ ਰਿਹਾ ਕਿ ਮੰਤਰੀ ਨੇ ਐਸੀ ਕੰਪਨੀ ਨੂੰ ਇਕ ਇਤਿਹਾਸਕ ਪੁਲ ਦੀ ਸੰਭਾਲ ਸਾਰੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਕੇ ਕਿਉਂ ਦਿਤੀ ਜਿਸ ਨੇ ਅੱਜ ਤਕ ਕਦੀ ਇਸ ਤਰ੍ਹਾਂ ਦਾ ਇਕ ਵੀ ਕੰਮ ਨਹੀਂ ਸੀ ਕੀਤਾ।

ਪਰ ਚੋਣਾਂ ਸਿਰ ’ਤੇ ਨੇ, ਸੋ ਸਰਕਾਰ ਕਿਸੇ ਵੀ ਵਰਗ ਨੂੰ ਨਰਾਜ਼ ਨਹੀਂ ਕਰ ਸਕਦੀ। ਕਿਉਂਕਿ ਮਾਰੇ ਜਾਣ ਵਾਲੇ ਗ਼ਰੀਬ ਸਨ, ਪੈਸਾ ਤੁਰਤ ਪ੍ਰਾਪਤ ਕਰ ਕੇ ਮਰਨ ਵਾਲਿਆਂ ਦੀ ਜਾਨ ਦੀ ਕਿਸਤ ਵਾਧੂ ਮਿਲ ਜਾਵੇਗੀ ਤੇ ਗੁੱਸਾ ਵੀ ਠੰਢਾ ਪੈ ਜਾਏਗਾ। ਗੁਜਰਾਤ ਸਰਕਾਰ ਵਲੋਂ ਇਕ ਕੰਮ ਤੇ ਤੇਜ਼ੀ ਵਿਖਾਈ ਗਈ ਤੇ ਉਹ ਸੀ ਕਿ ਜਿਸ ਹਸਪਤਾਲ ਵਿਚ ਮਰੀਜ਼ ਲਿਜਾਏ ਗਏ ਸਨ, ਉਥੇ ਹਸਪਤਾਲ ਦੀ ਰਾਤੋ ਰਾਤ ਮੁਰੰਮਤ ਤੇ ਪਾਣੀ ਵਾਸਤੇ ਵਾਟਰ ਕੂਲਰ ਵੀ ਲਗਾ ਦਿਤੇ ਗਏ। ਪਰ ਇਹ ਕੰਮ ਮਰੀਜ਼ਾਂ ਦੀ ਸਹੂਲਤ ਵਾਸਤੇ ਨਹੀਂ ਸਨ ਕੀਤੇ ਗਏ ਬਲਕਿ ਸਿਰਫ਼ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਵਾਸਤੇ ਸੱਭ ਕੁੱਝ ਵਧੀਆ ਵਿਖਾਉਣ ਲਈ ਕੀਤੇ ਗਏ ਸਨ ਤਾਕਿ ਜਦ ਮੀਡੀਆ ਵਿਚ ਤਸਵੀਰਾਂ ਜਾਣ ਤਾਂ ਇਹ ਨਾ ਨਜ਼ਰ ਆਏ ਕਿ ਗੁਜਰਾਤ ਦੇ ਹਸਪਤਾਲਾਂ ਵਿਚ ਸਫ਼ਾਈ ਨਹੀਂ ਰੱਖੀ ਜਾਂਦੀ। ਪਰ ਜੇ ਜਨਤਾ ਨੂੰ ਇਸ ਤਰ੍ਹਾਂ ਦੇ ਵਰਤਾਰੇ ਤੇ ਕੋਈ ਇਤਰਾਜ਼ ਨਹੀਂ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ?                                  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement