
ਰਾਤ 12 ਤੋਂ ਸਵੇਰੇ 6 ਵਜੇ ਤਕ ਸੱਭ ਤੋਂ ਘੱਟ ਹਾਦਸੇ ਹੋਏ ਦਰਜ
Road Accident Report News: ਪਿਛਲੇ ਸਾਲ ਸ਼ਾਮ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਕੁੱਲ 94,009 ਸੜਕ ਹਾਦਸੇ ਵਾਪਰੇ, ਜੋ ਦੇਸ਼ ਵਿਚ ਕੁੱਲ ਹਾਦਸਿਆਂ ਦਾ ਲਗਭਗ 20 ਫ਼ੀ ਸਦੀ ਹੈ। ਇਹ ਜਾਣਕਾਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਇਕ ਨਵੀਂ ਰਿਪੋਰਟ ਤੋਂ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਰਾਤ 12 ਵਜੇ ਤੋਂ ਸਵੇਰੇ 6 ਵਜੇ ਤਕ ਦੇ ਛੇ ਘੰਟਿਆਂ ਦੌਰਾਨ ਸਭ ਤੋਂ ਘੱਟ ਹਾਦਸੇ ਦਰਜ ਕੀਤੇ ਗਏ।
ਰਿਪੋਰਟ ਵਿਚ ਕਿਹਾ ਗਿਆ ਹੈ, “ਸਾਲ 2022 ਵਿਚ ਸ਼ਾਮ 6 ਵਜੇ ਤੋਂ ਰਾਤ 9 ਵਜੇ ਤਕ ਦੇ ਸਮੇਂ ਦੌਰਾਨ ਸਭ ਤੋਂ ਵੱਧ ਸੜਕ ਦੁਰਘਟਨਾਵਾਂ (94,009) ਦਰਜ ਕੀਤੀਆਂ ਗਈਆਂ, ਜੋ ਕਿ ਦੇਸ਼ ਵਿਚ ਕੁੱਲ ਹਾਦਸਿਆਂ ਦਾ 20.4 ਪ੍ਰਤੀਸ਼ਤ ਹੈ... ਅਤੇ ਪਿਛਲੇ ਪੰਜ ਸਾਲਾਂ ’ਚ ਸਾਹਮਣੇ ਆਏ ਪੈਟਰਨ ਮੁਤਾਬਕ ਹੈ। ਇਸ ਵਿਚ ਕਿਹਾ ਗਿਆ ਹੈ ਕਿ 2022 ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੁੱਲ 4,61,312 ਸੜਕ ਹਾਦਸੇ ਦਰਜ ਕੀਤੇ ਗਏ ਸਨ। ਇਨ੍ਹਾਂ ਹਾਦਸਿਆਂ ਵਿਚ 1,68,491 ਲੋਕਾਂ ਦੀ ਮੌਤ ਹੋ ਗਈ ਅਤੇ 4,43,366 ਲੋਕ ਜ਼ਖ਼ਮੀ ਹੋਏ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ 79,639 ਸੜਕ ਹਾਦਸੇ ਦਰਜ ਕੀਤੇ ਗਏ, ਜੋ ਕੁੱਲ ਹਾਦਸਿਆਂ ਦਾ 17.3 ਫ਼ੀ ਸਦੀ ਹੈ। ਇਸ ਅਨੁਸਾਰ 2022 ਵਿਚ ਸਭ ਤੋਂ ਵੱਧ ਗੰਭੀਰ ਹਾਦਸੇ ਮਿਜ਼ੋਰਮ (85) ਵਿਚ ਦਰਜ ਕੀਤੇ ਗਏ, ਇਸ ਤੋਂ ਬਾਅਦ ਬਿਹਾਰ (82.4) ਅਤੇ ਪੰਜਾਬ (77.5) ਹਨ। ਪ੍ਰਤੀ 100 ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਦੇ ਆਧਾਰ ’ਤੇ ਦੁਰਘਟਨਾ ਦੀ ਗੰਭੀਰਤਾ ਨੂੰ ਮਾਪਿਆ ਜਾਂਦਾ ਹੈ।