
100 ਵਾਰ ਆਨਲਾਈਨ ਲੈਣ-ਦੇਣ ਕਰਨ ਬਦਲੇ ਠੱਗਾਂ ਨੇ ਦਿੱਤਾ ਸੀ 50 ਕਰੋੜ ਦਾ ਲਾਭ ਦੇਣ ਦਾ ਝਾਂਸਾ
ਜੋਧਪੁਰ - ਇੱਥੋਂ ਦੇ ਰਹਿਣ ਵਾਲੇ ਇੱਕ ਹੈਂਡੀਕਰਾਫਟ ਕਾਰੋਬਾਰੀ ਤੋਂ 16 ਕਰੋੜ 26 ਲੱਖ ਦੀ ਆਨਲਾਈਨ ਧੋਖਾਧੜੀ ਦੇ ਮਾਮਲੇ ਵਿਚ ਪੁਲਿਸ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਠੱਗਾਂ ਨੇ ਕਾਰੋਬਾਰੀ ਨੂੰ ਆਨਲਾਈਨ ਲੈਣ-ਦੇਣ ਕਰਨ ਦੇ ਬਦਲੇ 50 ਕਰੋੜ ਦਾ ਲਾਭ ਹੋਣ ਦਾ ਝਾਂਸਾ ਦਿੱਤਾ ਸੀ। ਇਸ ਲਾਲਚ 'ਚ ਕਾਰੋਬਾਰੀ ਨੇ ਇਕ ਤੋਂ ਬਾਅਦ ਇਕ 100 ਤੋਂ ਜ਼ਿਆਦਾ ਵਾਰ ਲੈਣ-ਦੇਣ ਕੀਤਾ। ਜਦੋਂ ਤੱਕ ਉਸ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ, ਠੱਗ ਨੇ ਉਸ ਨੂੰ ਵਟਸਐਪ ਤੋਂ ਬਲਾਕ ਕਰ ਦਿੱਤਾ।
ਇਹ ਧੋਖਾਧੜੀ ਜੋਧਪੁਰ ਦੇ ਹੈਂਡੀਕਰਾਫਟ ਕਾਰੋਬਾਰੀ ਅਰਵਿੰਦ ਕਲਾਨੀ ਨਾਲ ਹੋਈ ਹੈ। ਹੁਣ ਪੁਲਿਸ ਨੇ ਉਨ੍ਹਾਂ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ, ਜਿਨ੍ਹਾਂ 'ਚ ਲੈਣ-ਦੇਣ ਕੀਤਾ ਗਿਆ ਸੀ। ਇਹ ਖਾਤੇ ਉਦੈਪੁਰ, ਅਹਿਮਦਾਬਾਦ, ਹੈਦਰਾਬਾਦ, ਪੁਣੇ, ਕਾਂਦੀਵਲੀ ਅਤੇ ਚੇਨਈ ਸ਼ਹਿਰਾਂ ਦੇ ਬੈਂਕਾਂ ਵਿਚ ਹਨ। ਜਾਂਚ ਅਧਿਕਾਰੀ ਏਸੀਪੀ ਮੰਗੀਲਾਲ ਰਾਠੌਰ ਨੇ ਦੱਸਿਆ ਕਿ ਇਨ੍ਹਾਂ ਸ਼ਹਿਰਾਂ ਵਿਚ ਸਥਿਤ ICICI, AXIS, IDFC ਬੈਂਕ ਦੇ ਖਾਤਿਆਂ ਵਿਚ ਲੈਣ-ਦੇਣ ਕੀਤਾ ਗਿਆ ਸੀ। ਪੁਲਿਸ ਇਨ੍ਹਾਂ ਖਾਤਿਆਂ 'ਚ ਵਰਤੇ ਗਏ ਸੰਪਰਕ ਨੰਬਰਾਂ ਦੇ ਆਧਾਰ 'ਤੇ ਠੱਗੀ ਕਰਨ ਵਾਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹੁਣ ਤੱਕ ਦੀ ਸਭ ਤੋਂ ਵੱਡੀ ਔਨਲਾਈਨ ਧੋਖਾਧੜੀ ਹੋਣ ਦੇ ਨਾਤੇ, ਜੋਧਪੁਰ ਪੁਲਿਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਹਾਲਾਂਕਿ ਜੋਧਪੁਰ ਪੁਲਿਸ ਦੀ ਸਾਈਬਰ ਟੀਮ ਦਿੱਲੀ ਦੀ ਸਾਈਬਰ ਟੀਮ ਨਾਲ ਸੰਪਰਕ ਕਰਕੇ ਇਸ ਧੋਖਾਧੜੀ ਦੇ ਹਰ ਪੇਚ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪੈਸਾ ਵਿਦੇਸ਼ ਵਿਚ ਟਰਾਂਸਫਰ ਹੋ ਸਕਦਾ ਹੈ। ਹਾਲਾਂਕਿ, ਬੈਂਕ ਇੰਨੀ ਵੱਡੀ ਰਕਮ ਨੂੰ ਉਸੇ ਸਮੇਂ ਅੱਗੇ ਟ੍ਰਾਂਸਫਰ ਨਹੀਂ ਕਰਦੇ ਹਨ। ਅਜਿਹੇ 'ਚ ਠੱਗ ਇਸ ਰਕਮ ਨੂੰ ਹਵਾਲਾ ਜਾਂ ਕ੍ਰਿਪਟੋਕਰੰਸੀ ਰਾਹੀਂ ਵਿਦੇਸ਼ ਭੇਜ ਸਕਦੇ ਹਨ।
ਸਾਰਾ ਪੈਸਾ 7 ਰਾਜਾਂ ਦੇ 4 ਬੈਂਕਾਂ ਦੇ ਲਗਭਗ 8 ਖਾਤਿਆਂ ਵਿਚ ਟਰਾਂਸਫਰ ਕੀਤਾ ਗਿਆ ਹੈ। ਪੈਸੇ ਕੁਝ ਆਨਲਾਈਨ ਅਤੇ ਕੁਝ ਚੈੱਕ ਰਾਹੀਂ ਜਮ੍ਹਾ ਕੀਤੇ ਗਏ ਹਨ। ਹਾਲਾਂਕਿ, ਜੋਧਪੁਰ ਪੁਲਿਸ ਨੇ ਸਾਰੇ ਬੈਂਕਾਂ ਨਾਲ ਸੰਪਰਕ ਕੀਤਾ ਅਤੇ ਇਨ੍ਹਾਂ ਖਾਤਿਆਂ ਨੂੰ ਫਰੀਜ਼ ਕਰਵਾ ਦਿੱਤਾ ਗਿਆ ਹੈ। ਇਹਨਾਂ ਖਾਤਿਆਂ ਵਿਚ ਜੋ ਰਾਸ਼ੀ ਹੈ ਉਹ ਕਾਰੋਬਾਰੀ ਅਦਾਲਤ ਰਾਹੀਂ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਸੀਪੀ ਮੰਗੀਲਾਲ ਰਾਠੌੜ ਨੇ ਦੱਸਿਆ ਕਿ ਜਿਨ੍ਹਾਂ ਖਾਤਿਆਂ ਵਿੱਚ ਰਕਮ ਟਰਾਂਸਫਰ ਕੀਤੀ ਗਈ ਹੈ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਟੀਮ ਬੈਂਕ ਵਿੱਚ ਉਨ੍ਹਾਂ ਖਾਤਿਆਂ ਨੂੰ ਫ੍ਰੀਜ਼ ਕਰਕੇ ਜਾਂਚ ਕਰ ਰਹੀ ਹੈ।
ਠੱਗਾਂ ਨੇ ਹੈਂਡੀਕ੍ਰਾਫਟ ਕਾਰੋਬਾਰੀ ਨੂੰ ਆਨਲਾਈਨ ਖਾਤੇ ਵਿਚ 50 ਕਰੋੜ ਰੁਪਏ ਦਾ ਮੁਨਾਫ਼ਾ ਦਿਖਾਇਆ। ਜਿਸ ਤਰ੍ਹਾਂ ਠੱਗ ਅਰਵਿੰਦ ਨੂੰ ਮੁਨਾਫੇ ਦਾ ਅੰਕੜਾ ਦੱਸਦੇ ਰਹੇ, ਲਾਲਚ ਵਿਚ ਅਰਵਿੰਦ ਉਸ ਪੈਸੇ ਦਾ ਕਮਿਸ਼ਨ ਉਹਨਾਂ ਵੱਲੋਂ ਦੱਸੇ ਖਾਤੇ ਵਿਚ ਪਾਉਂਦਾ ਰਿਹਾ। ਪਲੈਟੀਨਮ ਮੈਂਬਰਸ਼ਿਪ ਤੋਂ ਬਾਅਦ ਅਰਵਿੰਦ ਨੂੰ 50 ਕਰੋੜ ਦਾ ਮੁਨਾਫਾ ਸ਼ੋਅ ਹੋ ਰਿਹਾ ਸੀ। ਜਦੋਂ ਅਰਵਿੰਦ ਨੇ ਕੁਝ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਗਰੁੱਪ ਤੋਂ ਹਟਾ ਕੇ ਬਲਾਕ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਰਵਿੰਦ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ ਪਰ ਉਸ ਦੇ 16 ਕਰੋੜ 26 ਲੱਖ ਖਾਤੇ ਵਿਚੋਂ ਉੱਡ ਚੁੱਕੇ ਸਨ।