
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ, ਤੇ ਸਹੀ ਪਾਇਆ
ਚੇਨਈ - ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ 'ਚ ਇੱਕ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਨੂੰ ਸ਼ਨੀਵਾਰ ਨੂੰ 6 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੁਆਰਾ ਸਕੂਲ ਦੇ ਪਖਾਨੇ ਸਾਫ ਕਰਵਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਪਲੱਕਰਾਈ ਪੰਚਾਇਤ ਯੂਨੀਅਨ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਗੀਤਾ ਰਾਣੀ ਨੂੰ ਜ਼ਿਲ੍ਹੇ ਦੇ ਪੇਰੂਨਦੁਰਾਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਮਾਮਲਾ ਹਾਲ ਹੀ ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਕੁਝ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਹੱਥਾਂ 'ਤੇ ਛਾਲੇ ਵੇਖੇ ਅਤੇ ਇਸ ਬਾਰੇ ਪੁੱਛਿਆ।
ਇਨ੍ਹਾਂ ਬੱਚਿਆਂ ਵਿੱਚੋਂ ਇੱਕ, ਜੋ ਡੇਂਗੂ ਦੇ ਇਲਾਜ ਲਈ ਹਸਪਤਾਲ 'ਚ ਦਾਖਲ ਸੀ, ਉਸ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਸਕੂਲ ਦੇ ਪਖਾਨਿਆਂ ਨੂੰ ਕੁਝ ਵਿਦਿਆਰਥੀਆਂ ਕੋਲੋਂ ਬਲੀਚਿੰਗ ਪਾਊਡਰ ਨਾਲ ਨਿਯਮਤ ਤੌਰ 'ਤੇ ਸਾਫ਼ ਕਰਵਾਇਆ ਜਾ ਰਿਹਾ ਹੈ। ਸਕੂਲ ਵਿੱਚ ਦੋ ਪਖਾਨੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀਆਂ ਲਈ ਅਤੇ ਦੂਜਾ ਅਧਿਆਪਕਾਂ ਲਈ ਹੈ।
ਇਸ ਤੋਂ ਬਾਅਦ ਲੜਕੇ ਦੀ ਮਾਂ ਨੇ ਪੁਲਿਸ ਕੋਲ ਪਹੁੰਚ ਕੀਤੀ, ਜਿਸ 'ਤੇ ਪੁਲਿਸ ਨੇ ਗੀਤਾ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਗਈ, ਅਤੇ ਮਾਮਲਾ ਸੱਚਾ ਪਾਇਆ ਗਿਆ। ਮੁੱਖ ਅਧਿਆਪਕਾ ਗੀਤ ਰਾਣੀ ਨੂੰ ਮੁਅੱਤਲ ਕਰ ਦਿੱਤਾ ਗਿਆ।