
ਇਸ ਮਾਮਲੇ 'ਚ ਦੋਸ਼ੀ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਕਾਨਪੁਰ: ਯੂਪੀ ਦੇ ਕਾਨਪੁਰ ਤੋਂ ਇੱਕ ਪੁਲਿਸ ਮੁਲਾਜ਼ਮ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕਿਸੇ ਦਾ ਵੀ ਖੂਨ ਖੌਲ ਜਾਵੇਗਾ। ਜਿੱਥੇ ਥਾਣੇ ਦੇ ਮੁਲਾਜ਼ਮ ਦੀ ਧੱਕੇਸ਼ਾਹੀ ਨੇ ਸਬਜ਼ੀ ਵੇਚਣ ਵਾਲੇ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਕਿਉਂਕਿ ਸਬਜ਼ੀ ਵਿਕਰੇਤਾ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਉਸ ਨੂੰ ਕਾਨਪੁਰ ਦੇ ਹੈਲੇਟ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮਾਮਲੇ 'ਚ ਦੋਸ਼ੀ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦਰਅਸਲ, ਪੁਲਿਸ ਮੁਲਾਜ਼ਮ ਨੇ ਥਾਣੇ ਦੇ ਸਾਹਮਣੇ ਸੜਕ ਕਿਨਾਰੇ ਟਮਾਟਰ ਵੇਚਣ ਵਾਲੇ ਦੀ ਤੱਕੜੀ ਚੁੱਕ ਕੇ ਨਜ਼ਦੀਕੀ ਰੇਲਵੇ ਟਰੈਕ 'ਤੇ ਸੁੱਟ ਦਿੱਤੀ। ਜਦੋਂ ਸਬਜ਼ੀ ਵਿਕਰੇਤਾ ਉਸ ਨੂੰ ਲੈਣ ਗਿਆ ਤਾਂ ਉਧਰੋਂ ਟਰੇਨ ਆ ਗਈ ਜਿਸ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ। ਚਸ਼ਮਦੀਦਾਂ ਨੇ ਦੱਸਿਆ ਕਿ ਕਲਿਆਣਪੁਰ ਥਾਣੇ ਦੇ ਸਾਹਮਣੇ ਸੜਕ ਦੇ ਕਿਨਾਰੇ ਸਬਜ਼ੀ ਵਿਕਰੇਤਾਵਾਂ ਦੀਆਂ ਦੁਕਾਨਾਂ ਲੱਗਦੀਆਂ ਹਨ।
ਇੱਥੇ ਦੁਕਾਨਾਂ ਲਗਾਉਣਾ ਨਿਯਮਾਂ ਦੇ ਖ਼ਿਲਾਫ਼ ਹੈ ਪਰ ਕੁਝ ਗਰੀਬ ਪਰਿਵਾਰ ਦਹਾਕਿਆਂ ਤੋਂ ਇੱਥੇ ਦੁਕਾਨਾਂ ਲਗਾ ਕੇ ਆਪਣਾ ਪੇਟ ਪਾਲਦੇ ਹਨ। ਇਨ੍ਹਾਂ ਵਿਚ ਲੱਡੂ ਦੁਕਾਨਦਾਰ ਵੀ ਸ਼ਾਮਲ ਹੈ ਤੇ ਉਹ ਇੱਥੇ ਟਮਾਟਰਾਂ ਦੀ ਰੇਹੜੀ ਲਗਾਉਂਦਾ ਹੈ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਦੀਵਾਨ ਰਾਕੇਸ਼ ਕਲਿਆਣਪੁਰ ਥਾਣੇ ਦੇ ਇੰਸਪੈਕਟਰ ਸ਼ਾਦਾਬ ਦੇ ਨਾਲ ਮੌਕੇ 'ਤੇ ਆਇਆ ਅਤੇ ਉਸ ਨੇ ਪਹਿਲਾਂ ਲੱਡੂ ਨੂੰ ਕਾਫੀ ਭੜਕਾਇਆ, ਫਿਰ ਅਚਾਨਕ ਇਸ ਦੀ ਤੱਕੜੀ ਚੁੱਕ ਕੇ ਰੇਲਵੇ ਲਾਈਨ ਦੇ ਵਿਚ ਸੁੱਟ ਦਿੱਤੀ।
ਇਸ ਦੌਰਾਨ ਸਬਜ਼ੀ ਵਿਕਰੇਤਾ ਹੱਥ ਜੋੜ ਕੇ ਪੁਲਿਸ ਦੀਵਾਨ ਅੱਗੇ ਬੇਨਤੀ ਕਰਦਾ ਰਿਹਾ, ''ਤੱਕੜੀ ਨਾ ਸੁੱਟੋ, ਮੈਂ ਦੁਕਾਨ ਹਟਾ ਰਿਹਾ ਹਾਂ...'' ਪਰ ਦੀਵਾਨ ਨੇ ਉਸ ਦੀ ਇਕ ਨਾ ਸੁਣੀ ਅਤੇ ਤੱਕੜੀ ਸਮੇਤ ਕੁਝ ਸਾਮਾਨ ਚੁੱਕ ਲਿਆ। ਉਨ੍ਹਾਂ ਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ। ਦੁਕਾਨਦਾਰ ਲੱਡੂ ਕੰਧ ਟੱਪ ਕੇ ਤੇਜ਼ੀ ਨਾਲ ਆਪਣੀ ਤੱਕੜੀ ਲੈਣ ਲਈ ਰੇਲਵੇ ਟ੍ਰੈਕ 'ਤੇ ਪਹੁੰਚਿਆ ਤਾਂ ਉਸੇ ਸਮੇਂ ਸਾਹਮਣੇ ਤੋਂ ਇਕ ਰੇਲਗੱਡੀ ਆਈ ਅਤੇ ਉਸ ਦੀਆਂ ਲੱਤਾਂ ਕੱਟਦੀ ਹੋਈ ਅੱਗੇ ਲੰਘ ਗਈ। ਰੌਲਾ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਭੱਜ ਗਏ ਅਤੇ ਉਦੋਂ ਤੱਕ ਪੁਲਿਸ ਵੀ ਆ ਗਈ।
ਅਜਿਹੇ 'ਚ ਖੂਨ ਨਾਲ ਲੱਥਪੱਥ ਸਬਜ਼ੀ ਵੇਚਣ ਵਾਲੇ ਨੂੰ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਚੁੱਕ ਕੇ ਕਾਨਪੁਰ ਦੇ ਹੈਲੇਟ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਸਬੰਧੀ ਕੋਈ ਵੀ ਪੁਲਿਸ ਅਧਿਕਾਰੀ ਬਿਆਨ ਨਹੀਂ ਦੇ ਰਿਹਾ ਹੈ। ਹਾਲਾਂਕਿ, ਏਡੀਸੀਪੀ ਲਖਨ ਸਿੰਘ ਨੇ ਦੀਵਾਨ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ। ਅਗਲੇਰੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।