ਅੱਧਾ ਕਿੱਲੋ ਦੇ ਕਰੀਬ ਆਈਸ ਡਰੱਗ ਸਮੇਤ ਇੱਕ ਨਸ਼ਾ ਤਸਕਰ ਕਾਬੂ
ਫਰੀਦਕੋਟ: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰੀ ਵਿਰੁੱਧ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਜਿਸ ਵਿੱਚ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ ਇੱਕ ਡਰੱਗ ਨੈਟਵਰਕ ਵਿੱਚ ਸ਼ਾਮਿਲ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ 530 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ।
ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਅਰਚਿੱਤ ਚਪਰਾਣਾ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਸੂਬੇ ਦੇ ਮੇਰਠ ਜਿਲ੍ਹੇ ਦੇ ਭਗਵਾਨਪੁਰ ਭਾਗਰ ਦਾ ਰਿਹਾਇਸ਼ੀ ਹੈ। ਪੁਲਿਸ ਟੀਮਾਂ ਵੱਲੋਂ ਮੁਲਜ਼ਮ ਪਾਸੋਂ 530 ਗ੍ਰਾਮ ਆਈਸ ਸਮੇਤ ਇੱਕ ਮੋਬਾਇਲ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਮਿਤੀ 17 ਦਸੰਬਰ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਪੁਲਿਸ ਪਾਰਟੀ ਸਮੇਤ ਏਰੀਆ ਵਿੱਚ ਗਸ਼ਤ ਕਰ ਰਹੇ ਸੀ ਤਾਂ ਕੋਠੇ ਡੋਡ ਵਾਲੇ ਰਸਤੇ ਦੇ ਮੋੜ ਪਰ ਇਹ ਵਿਅਕਤੀ ਖੜਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਤਾ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ਪਰ ਇਸ ਨੂੰ ਕਾਬੂ ਕੀਤਾ। ਜਿਸ ਦੀ ਤਲਾਸ਼ੀ ਲਈ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ, ਫਰੀਦਕੋਟ ਮੌਕਾ ਪਰ ਪਹੁੰਚੇ। ਜਿਹਨਾ ਦੀ ਹਾਜਰੀ ਵਿੱਚ ਪੁਲਿਸ ਪਾਰਟੀ ਵੱਲੋਂ ਤਲਾਸ਼ੀ ਕਰਨ ਤੇ ਦੋਸ਼ੀ ਦੀ ਕਿੱਟ ਵਿਚੋ 530 ਗ੍ਰਾਮ ਆਈਸ ਡਰੱਗ ਬਰਾਮਦ ਹੋਈ।
ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 22(ਸੀ)/61/85 ਤਹਿਤ ਮੁਕੱਦਮਾ ਨੰਬਰ 532 ਮਿਤੀ 17.12.2025 ਦਰਜ ਕੀਤਾ ਗਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਇਹ ਨਸ਼ੇ ਦੀ ਖੇਪ ਨੂੰ ਅੱਗੇ ਸਪਲਾਈ ਕਰਨ ਲਈ ਜਾ ਰਿਹਾ ਸੀ, ਜਿਸ ਨੂੰ ਕਿ ਫਰੀਦਕੋਟ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਬੂ ਕੀਤੀ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਦੇ ਨੈੱਟਵਰਕ, ਸਾਥੀਆਂ ਅਤੇ ਸਪਲਾਈ ਲਿੰਕਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ੇ ਦੇ ਇਸ ਗਿਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੇ ਖਿਲਾਫ ਪਹਿਲਾ ਵੀ ਕਈ ਸੰਗੀਨ ਧਾਰਾਵਾ ਤਹਿਤ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਣਿਆ ਅੰਦਰ ਕੁੱਲ 09 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।
ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣਕਾਰੀ ਮਿਲਣ ‘ਤੇ ਫਰੀਦਕੋਟ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੇ ਖਤਮ ਕੀਤਾ ਜਾ ਸਕੇ।
