
ਪੁਲਿਸ ਨੇ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 60 ਡਰੋਨਾਂ ਦੀ ਵਰਤੋਂ ਕੀਤੀ ਜਾਵੇਗੀ।
ਨਵੀਂ ਦਿੱਲੀ: ਨਗਰ ਨਿਗਮ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਤਵਾਰ ਨੂੰ ਲਗਭਗ 40,000 ਪੁਲਿਸ ਕਰਮਚਾਰੀ, 20 000 ਹੋਮ ਗਾਰਡ ਅਤੇ ਅਰਧ ਸੈਨਿਕ ਅਤੇ ਰਾਜ ਹਥਿਆਰਬੰਦ ਪੁਲਿਸ ਬਲਾਂ ਦੀਆਂ 108 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਪੁਲਿਸ ਨੇ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 60 ਡਰੋਨਾਂ ਦੀ ਵਰਤੋਂ ਕੀਤੀ ਜਾਵੇਗੀ।
ਐਮਸੀਡੀ ਦੇ 250 ਵਾਰਡਾਂ ਦੀਆਂ ਚੋਣਾਂ ਲਈ ਪੁਲਿਸ ਦਾ ਮੁੱਖ ਫੋਕਸ ਫਿਰਕੂ ਤਣਾਅ ਦੀ ਸੰਭਾਵਨਾ ਨੂੰ ਰੋਕਣਾ ਅਤੇ ਉਮੀਦਵਾਰਾਂ ਨੂੰ ਗੈਰ-ਕਾਨੂੰਨੀ ਤਰੀਕਿਆਂ ਨਾਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨ ਤੋਂ ਰੋਕਣਾ ਹੋਵੇਗਾ। ਪੁਲਿਸ, ਅਰਧ ਸੈਨਿਕ ਬਲਾਂ ਅਤੇ ਹੋਮ ਗਾਰਡਾਂ ਲਈ ਰਿਹਰਸਲ ਵੀ ਕਰਵਾਈ ਗਈ ਹੈ। ਉੱਤਰੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਸਾਗਰ ਸਿੰਘ ਕਲਸੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਨਿਰਪੱਖ ਆਚਰਣ ਦਿਖਾਉਣ, ਸ਼ਰਾਰਤੀ ਅਨਸਰਾਂ ਵਿਰੁੱਧ ਚੌਕਸ ਰਹਿਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਵਿਚ ਡਿਊਟੀ ਨਿਭਾਉਣ ਲਈ ਕਿਹਾ ਗਿਆ ਹੈ।
ਵਿਸ਼ੇਸ਼ ਪੁਲਿਸ ਕਮਿਸ਼ਨਰ (ਲਾਅ ਐਂਡ ਆਰਡਰ) ਜ਼ੋਨ-2 ਸਾਗਰ ਪ੍ਰੀਤ ਹੁੱਡਾ ਨੇ ਦੱਸਿਆ ਕਿ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਸਰਵੇਖਣ ਕੀਤਾ ਗਿਆ ਹੈ। ਜ਼ੋਨ-1 ਦੇ ਵਿਸ਼ੇਸ਼ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਦੀਪੇਂਦਰ ਪਾਠਕ ਨੇ ਦੱਸਿਆ ਕਿ ਪੁਲਿਸ ਪਿਛਲੇ ਛੇ-ਅੱਠ ਹਫ਼ਤਿਆਂ ਤੋਂ ਐਮਸੀਡੀ ਚੋਣਾਂ 'ਤੇ ਨਜ਼ਰ ਰੱਖ ਰਹੀ ਹੈ। ਉਹਨਾਂ ਕਿਹਾ ਕਿ ਸੀਨੀਅਰ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਰਾਤ ਸਮੇਂ ਆਪਣੇ ਦਫ਼ਤਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ, ਜਦਕਿ ਪੁਲਿਸ ਇੰਸਪੈਕਟਰਾਂ ਨੂੰ ਗੈਂਗਵਾਰ ਜਾਂ ਫਿਰਕੂ ਮੋੜ ਲੈ ਸਕਣ ਵਾਲੇ ਕਿਸੇ ਵੀ ਟਕਰਾਅ ਨਾਲ ਸਬੰਧਤ ਕਿਸੇ ਵੀ ਫ਼ੋਨ ਕਾਲ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ।
ਪਾਠਕ ਨੇ ਕਿਹਾ, “ਅਸੀਂ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਣ ਕਮਿਸ਼ਨ ਅਤੇ ਚੋਣਾਂ ਕਰਵਾਉਣ ਵਿਚ ਸ਼ਾਮਲ ਏਜੰਸੀਆਂ ਵਿਚਕਾਰ ਤਾਲਮੇਲ ਲਈ ਬਹੁਤ ਹੀ ਸੁਰੱਖਿਅਤ ਮਾਹੌਲ ਸਿਰਜਣ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਜੇਕਰ ਸ਼ਾਂਤੀ ਭੰਗ ਕਰਨ ਦੀ ਕੋਈ ਗਤੀਵਿਧੀ ਕੀਤੀ ਗਈ ਤਾਂ ਪੁਲਿਸ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ”।