ਵਿਰੋਧੀ ਧਿਰ ਦੇ ਮੈਂਬਰਾਂ ਨੇ ਸੰਭਲ ਮੁੱਦੇ ’ਤੇ ਲੋਕ ਸਭਾ ’ਚ ਵਾਕਆਊਟ ਕੀਤਾ
ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਸੰਭਲ ’ਚ ਪਿਛਲੇ ਦਿਨੀਂ ਹੋਈ ਹਿੰਸਾ ਨੂੰ ‘ਸੋਚੀ-ਸਮਝੀ ਸਾਜ਼ਸ਼’ ਕਰਾਰ ਦਿੰਦਿਆਂ ਮੰਗਲਵਾਰ ਨੂੰ ਲੋਕ ਸਭਾ ’ਚ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇ ਅਤੇ ਉਨ੍ਹਾਂ ’ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ।
ਕਨੌਜ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਸਿਫ਼ਰ ਕਾਲ ਦੌਰਾਨ ਹੇਠਲੇ ਸਦਨ ’ਚ ਇਹ ਮੁੱਦਾ ਉਠਾਉਂਦਿਆਂ ਕਿਹਾ, ‘‘ਸੰਭਲ ’ਚ ਅਚਾਨਕ ਹਿੰਸਾ ਦੀ ਘਟਨਾ ਨੂੰ ਇਕ ਸੋਚੀ ਸਮਝੀ ਸਾਜ਼ਸ਼ ਤਹਿਤ ਅੰਜਾਮ ਦਿਤਾ ਗਿਆ ਸੀ। ਸੰਭਲ ’ਚ ਲੋਕ ਸਾਲਾਂ ਤੋਂ ਭਾਈਚਾਰੇ ਨਾਲ ਰਹਿ ਰਹੇ ਹਨ। ਇਸ ਘਟਨਾ ਨੇ ਇਸ ਭਾਈਚਾਰੇ ਨੂੰ ‘ਗੋਲੀਬਾਰੀ’ ਕਰ ਦਿਤਾ।’’
ਸੰਭਲ ਦੀ ਸ਼ਾਹੀ ਜਾਮਾ ਮਸਜਿਦ ’ਚ ਕੀਤੇ ਗਏ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਲਈ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸਾਧਿਆ। ਯਾਦਵ ਨੇ ਕਿਹਾ, ‘‘ਦੇਸ਼ ਦੇ ਹਰ ਕੋਨੇ ’ਚ ਭਾਜਪਾ ਅਤੇ ਉਸ ਦੇ ਸਹਿਯੋਗੀ, ਸਮਰਥਕ ਅਤੇ ਸ਼ੁਭਚਿੰਤਕ ਵਾਰ-ਵਾਰ ‘ਖੁਦਾਈ’ ਦੀ ਗੱਲ ਕਰਦੇ ਹਨ, ਜੋ ਦੇਸ਼ ਦੀ ਸਦਭਾਵਨਾ, ਭਾਈਚਾਰੇ ਅਤੇ ਗੰਗਾ-ਜਮੁਨੀ ਤਹਿਜ਼ੀਬ ਨੂੰ ਗੁਆ ਦੇਵੇਗਾ।’’
ਉਨ੍ਹਾਂ ਦਾਅਵਾ ਕੀਤਾ ਕਿ ਸਥਾਨਕ ਅਦਾਲਤ ਦੇ ਹੁਕਮਾਂ ’ਤੇ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਦੇ ਅੰਦਰ ਸਰਵੇਖਣ ਦਾ ਕੰਮ ਪੂਰਾ ਕਰਨ ਵਾਲੇ ਅਧਿਕਾਰੀ ਕੁੱਝ ਦਿਨਾਂ ਬਾਅਦ ਦੁਬਾਰਾ ਪਹੁੰਚੇ ਅਤੇ ਉਨ੍ਹਾਂ ਨੂੰ ਅਦਾਲਤ ਤੋਂ ਕੋਈ ਹੁਕਮ ਨਹੀਂ ਮਿਲਿਆ।
ਯਾਦਵ ਨੇ ਦੋਸ਼ ਲਾਇਆ ਕਿ ਸੂਚਨਾ ਮਿਲਣ ’ਤੇ ਮਸਜਿਦ ਪਹੁੰਚੇ ਸਥਾਨਕ ਲੋਕਾਂ ਨੇ ਜਦੋਂ ਕਾਰਵਾਈ ਦਾ ਕਾਰਨ ਜਾਣਨਾ ਚਾਹਿਆ ਤਾਂ ਪੁਲਿਸ ਸਰਕਲ ਅਧਿਕਾਰੀ ਨੇ ਬਦਸਲੂਕੀ ਕੀਤੀ ਅਤੇ ਕੁੱਝ ਲੋਕਾਂ ਨੇ ਗੁੱਸੇ ’ਚ ਪੱਥਰ ਸੁੱਟੇ, ਜਿਸ ਤੋਂ ਬਾਅਦ ਪੁਲਿਸ ਗੋਲੀਬਾਰੀ ’ਚ 5 ਬੇਕਸੂਰ ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ, ‘‘ਸਰਵੇਖਣ ਪਟੀਸ਼ਨ ਦਾਇਰ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਦੇ ਲੋਕ ਸੰਭਲ ਦਾ ਮਾਹੌਲ ਖਰਾਬ ਕਰਨ ਲਈ ਜ਼ਿੰਮੇਵਾਰ ਹਨ। ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਅਤੇ ਕਤਲ ਦਾ ਦੋਸ਼ ਲਗਾਇਆ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਐਵੇਂ ਹੀ ਨਹੀਂ ਕਹਿੰਦੇ ਕਿ ਸਰਕਾਰ ਸੰਵਿਧਾਨ ’ਚ ਵਿਸ਼ਵਾਸ ਨਹੀਂ ਰਖਦੀ।’’
ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਕਾਂਗਰਸ ਦੇ ਉੱਜਵਲ ਰਮਨ ਸਿੰਘ ਨੇ ਇਹ ਵੀ ਕਿਹਾ ਕਿ ਸੰਭਲ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੰਭਲ ਮੁੱਦੇ ਦਾ ਜ਼ਿਕਰ ਕਰਦਿਆਂ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ.) ਦੇ ਸੰਸਦ ਮੈਂਬਰ ਈਟੀ ਮੁਹੰਮਦ ਬਸ਼ੀਰ ਨੇ ਦੋਸ਼ ਲਾਇਆ ਕਿ ਇਸ ਸਮੇਂ ਦੇਸ਼ ’ਚ ਪੂਜਾ ਸਥਾਨ ਐਕਟ, 1991 ਖਤਰੇ ’ਚ ਹੈ।
ਸਰਵੇਖਣ ਅਤੇ ਸੰਭਲ ਦੀ ਇਕ ਮਸਜਿਦ ਵਿਚ ਹਿੰਸਾ ਦੀਆਂ ਘਟਨਾਵਾਂ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਲਈ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਇਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾਵੇ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸੰਭਲ ’ਚ ਹਿੰਸਾ ਦੀ ਘਟਨਾ ਦੇ ਵਿਰੋਧ ’ਚ ਪ੍ਰਸ਼ਨਕਾਲ ਦੌਰਾਨ ਵਾਕਆਊਟ ਕੀਤਾ।
ਸਮਾਜਵਾਦੀ ਪਾਰਟੀ (ਸਪਾ) ਨੇ ਰਾਜ ਸਭਾ ’ਚ ਵੀ ਸੰਭਲ ’ਚ ਹੋਈ ਹਿੰਸਾ ਦਾ ਮੁੱਦਾ ਉਠਾਇਆ ਅਤੇ ਦਾਅਵਾ ਕੀਤਾ ਕਿ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਹੋਈਆਂ ‘ਚੋਣ ਗੜਬੜੀਆਂ‘ ਤੋਂ ਧਿਆਨ ਹਟਾਉਣ ਲਈ ਹਿੰਸਾ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਾਮ ਗੋਪਾਲ ਯਾਦਵ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁਕਿਆ ਅਤੇ ਬਾਅਦ ’ਚ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੇ ਵਾਕਆਊਟ ਕੀਤਾ।