
ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸਖ਼ਤ ਕਦਮ ਚੁਕਦਿਆਂ ਸਦਨ ਵਿਚ ਪਿਛਲੇ ਦੋ ਦਿਨਾਂ ਵਿਚ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ.....
ਨਵੀਂ ਦਿੱਲੀ : ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸਖ਼ਤ ਕਦਮ ਚੁਕਦਿਆਂ ਸਦਨ ਵਿਚ ਪਿਛਲੇ ਦੋ ਦਿਨਾਂ ਵਿਚ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿਤੇ ਜਾਣ ਦੀ ਮੰਗ ਸਬੰਧੀ ਨਾਹਰੇਬਾਜ਼ੀ ਕਰ ਰਹੇ ਤੇਲਗੂਦੇਸ਼ਮ ਪਾਰਟੀ (ਟੀ.ਡੀ.ਪੀ.) ਅਤੇ ਕਾਵੇਰੀ ਬੰਨ੍ਹ ਮੁੱਦੇ 'ਤੇ ਹੰਗਾਮਾ ਕਰ ਰਹੇ ਅੰਨਾ ਡੀ.ਐਮ.ਕੇ. ਦੇ ਮੈਂਬਰਾਂ ਸਣੇ ਕੁੱਲ 45 ਮੈਂਬਰਾਂ ਨੂੰ ਸਰਦ ਰੁੱਤ ਇਜਲਾਸ ਦੇ ਰਹਿੰਦੇ ਕੰਮਕਾਜੀ ਦਿਨਾਂ ਲਈ ਮੁਅੱਤਲ ਕਰ ਦਿਤਾ। ਲੋਕ ਸਭਾ ਸਪੀਕਰ ਨੇ ਵੀਰਵਾਰ ਨੂੰ ਟੀ.ਡੀ.ਪੀ. ਅਤੇ ਅੰਨਾ ਡੀ.ਐਮ.ਕੇ. ਦੇ ਮੈਂਬਰਾਂ ਸਣੇ ਕੁੱਲ 21 ਮੈਂਬਰਾਂ ਨੂੰ ਚਾਰ ਕੰਮਕਾਜੀ ਦਿਨਾਂ ਲਈ ਮੁਅੱਤਲ ਕਰ ਦਿਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਬੁਧਵਾਰ ਨੂੰ ਅੰਨਾ ਡੀ.ਐਮ.ਕੇ. ਦੇ 24 ਮੈਂਬਰਾਂ ਨੂੰ ਪੰਜ ਕੰਮਕਾਜੀ ਦਿਨਾਂ ਲਈ ਮੁਅੱਤਲ ਕਰ ਦਿਤਾ ਸੀ। ਲੋਕ ਸਭਾ ਸਪੀਕਰ ਨੇ ਬੁਧਵਾਰ ਨੂੰ ਜਾਣ ਬੁਝ ਕੇ ਸਦਨ ਵਿਚ ਕੁਰਸੀ ਦੇ ਨੇੜੇ ਆ ਕੇ ਅਤੇ ਨਿਯਮਾਂ ਦਾ ਉਲੰਘਣ ਕਰਦਿਆਂ ਕਾਰਵਾਈ ਵਿਚ ਵਿਘਨ ਪਾਉਣ ਲਈ ਟੀ.ਡੀ.ਪੀ. ਦੇ 13 ਮੈਂਬਰ
ਅਤੇ ਅੰਨਾਡੀਐਮਕੇ ਦੇ 7 ਮੈਂਬਰਾਂ ਨੂੰ ਨਿਯਮ 374 ਏ ਤਹਿਤ ਸਦਨ ਦੀ ਕਾਰਵਾਈ ਤੋਂ ਚਾਰ ਕੰਮਕਾਜੀ ਦਿਨਾਂ ਲਈ ਮੁਅੱਤਲ ਕਰ ਦਿਤਾ। ਇਸ ਦੇ ਨਾਲ ਹੀ ਰੇਣੂਕਾ ਬੂਟਾ ਨੂੰ ਵੀ ਚਾਰ ਕੰਮਕਾਜੀ ਦਿਨਾਂ ਲਈ ਮੁਅੱਤਲ ਕਰ ਦਿਤਾ ਗਿਆ। ਰੇਣੂਕਾ ਬੂਟਾ ਵਾਈਐਸਆਰ ਕਾਂਗਰਸ ਪਾਰਟੀ ਦੀ ਟਿਕਟ 'ਤੇ ਜਿੱਤੀ ਹੋਈ ਸੀ।
ਇਕ ਵਾਰ ਦੀ ਰੋਕ ਮਗਰੋਂ ਜਦੋ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ ਅੰਨਾਡੀਐਮਕੇ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਕੁਰਸੀ ਦੇ ਨੇੜੇ ਪਹੁੰਚ ਗਏ। ਇਸ ਦੌਰਾਨ ਇਨ੍ਹਾਂ ਵਿਚੋਂ ਕੁਝ ਮੈਂਬਰ ਕਾਗ਼ਜ਼ ਦੇ ਟੁਕੜੇ ਉਡਾਉਣ ਲੱਗੇ। ਇਸ ਦੌਰਾਨ ਟੀਡੀਪੀ ਮੈਂਬਰ ਵੀ ਅਪਣੀ ਮੰਗ ਸਬੰਧੀ ਨਾਹਰੇਬਾਜ਼ੀ ਕਰ ਰਹੇ ਸਨ। ਲੋਕ ਸਭਾ ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਚਿਤਾਵਨੀ ਦਿੰਦਿਆਂ ਅਪਣੀ ਜਗ੍ਹਾ 'ਤੇ ਜਾਣ ਲਈ ਵੀ ਕਿਹਾ। ਹੰਗਾਮੇ ਦੌਰਾਨ ਸੰਸਦੀ ਕਾਰਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਦਨ ਦੀ ਮਰਿਆਦਾ ਭੰਗ ਕੀਤੀ ਜਾ ਰਹੀ ਹੈ। ਰਾਫ਼ੇਲ ਮਾਮਲੇ 'ਤੇ ਅਤੇ ਦੇਸ਼ ਦੇ ਮੁੱਦਿਆਂ 'ਤੇ ਚਰਚਾ ਹੋਣੀ ਹੈ।
ਮੈਂਬਰਾਂ ਨੂੰ ਬੇਨਤੀ ਕੀਤੀ ਕਿ ਅਪਣੇ ਸਥਾਨ 'ਤੇ ਜਾਣ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਦੁਬਾਰਾ ਚਿਤਾਵਨੀ ਦੇਣ ਮਗਰੋਂ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ ਅਤੇ ਕੁਝ ਮੈਂਬਰ ਕਾਗ਼ਜ਼ ਦੇ ਟੁਕੜੇ ਸੁੱਟਦੇ ਰਹੇ। ਇਸ ਮਗਰੋਂ ਸਪੀਕਰ ਨੇ 19 ਮੈਂਬਰਾਂ ਨੂੰ ਚਾਰ ਕੰਮਕਾਜੀ ਦਿਨਾਂ ਲਈ ਸਦਨ ਤੋਂ ਮੁਅੱਤਲ ਕਰ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰਵਾਈ 2 ਵਜੇ ਤਕ ਰੋਕ ਦਿਤੀ। ਜ਼ਿਕਰਯੋਗ ਹੈ ਕਿ ਟੀਡੀਪੀ ਦੇ ਮੁਅੱਤਲ ਕੀਤੇ ਗਏ 1 ਮੈਂਬਰਾਂ ਵਿਚ ਸਾਬਕਾ ਕੇਂਦਰੀ ਮੰਤਰੀ ਅਸ਼ੋਕ ਗਜਪਤੀ ਰਾਜੂ, ਜੈਦੇਵ ਗੱਲਾ, ਟੇ. ਨਰਸਿੰਹਨ, ਮੁਰਲੀ ਮੋਹਨ, ਸ਼੍ਰੀਰਾਮ ਮਲਆਦ, ਕੇ ਨਿੱਮਲਾ,
ਰਾਮਮੋਹਨ ਨਾਇਡੂ, ਕੋਨਕੱਲਾ ਨਾਰਾਇਣ ਰਾਉ, ਐਮ ਸ਼੍ਰੀਨਿਵਾਸ ਰਾਉ ਅਤੇ ਜੇਸੀ ਦਿਵਾਕਰ ਰੈਡੀ ਹਨ।ਦੋ ਵਾਰ ਰੁਕਾਵਟ ਮਗਰੋਂ ਜਦੋਂ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਈ ਤਾਂ ਟੀਡੀਪੀ ਦੇ ਅਸ਼ੋਕ ਗਜਪਤੀ, ਜੈਦੇਵ ਗੱਲਾ, ਟੀ ਨਰਸਿੰਹਨ ਸਣੇ ਮੁਅੱਤਲ ਕੀਤੇ ਪਾਰਟੀ ਮੈਂਬਰ ਦੁਬਾਰਾ ਕੁਰਸੀ ਨੇੜੇ ਆ ਕੇ ਨਾਹਰੇਬਾਜ਼ੀ ਕਰ ਰਹੇ ਸਨ। ਅੰਨਾਡੀਐਮਕੇ ਦੇ ਕੁਝ ਮੈਂਬਰ ਵੀ ਅਪਣੀ ਮੰਗ ਸਬੰਧੀ ਹੰਗਾਮਾ ਕਰ ਰਹੇ ਸਨ। ਹੰਗਾਮਾ ਰੁਕਦਾ ਨਾ ਦੇਖ ਕੇ ਸਦਨ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਲੋਕ ਸਭਾ ਦੀ ਕਾਰਵਾਈ ਦਾ ਆਖ਼ਰੀ ਦਿਨ 8 ਜਨਵਰੀ ਹੈ। (ਏਜੰਸੀ)