
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗੀ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਰਾਮ ਮੰਦਰ ਮੁੱਦੇ 'ਤੇ ਆਰਡੀਨੈਂਸ ਦਾ ਵਿਰੋਧ ਕੀਤਾ.........
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗੀ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਰਾਮ ਮੰਦਰ ਮੁੱਦੇ 'ਤੇ ਆਰਡੀਨੈਂਸ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਮਾਮਲੇ 'ਚ ਸੁਪਰੀਮ ਕੋਰਟ ਦਾ ਫ਼ੈਸਲਾ ਆਖ਼ਰੀ ਹੋਣਾ ਚਾਹੀਦਾ ਹੈ। ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਨੇ ਪੱਤਰਕਾਰਾਂ ਨੂੰ ਕਿਹਾ, ''ਰਾਮ ਮੰਦਰ ਦੇ ਮੁੱਦੇ 'ਤੇ ਸੁਪਰੀਮ ਕੋਰਟ ਜੋ ਵੀ ਫ਼ੈਸਲਾ ਦੇਵੇਗਾ ਉਹ ਸਾਰਿਆਂ ਨੂੰ ਮਨਜ਼ੂਰ ਹੋਣਾ ਚਾਹੀਦਾ ਹੈ। ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵ ਜਾਂ ਕਿਸੇ ਹੋਰ ਧਰਮ ਦੇ ਲੋਕ ਹੋਣ। ਸਾਡਾ ਰੁਖ਼ ਇਕ ਬਰਾਬਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜਦੋਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕਰਾਂਗੇ ਤਾਂ ਸਾਰੇ ਅਗਰ-ਮਗਰ ਖ਼ਤਮ ਹੋ ਜਾਣੇ ਚਾਹੀਦੇ ਹਨ।'' ਇਹ ਪੁੱਛਣ 'ਤੇ ਕਿ ਇਸ ਮੁੱਦੇ 'ਤੇ ਕੀ ਉਹ ਆਰਡੀਨੈਂਸ ਦੀ ਹਮਾਇਤ ਕਰਨਗੇ ਤਾਂ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਦਾ ਰੁਖ਼ ਇਕ ਬਰਾਬਰ ਰਿਹਾ ਹੈ ਅਤੇ ਉਹ ਇਸ ਦੀ ਹਮਾਇਤ ਨਹੀਂ ਕਰਨਗੇ। ਪ੍ਰਧਾਨ ਮੰਤਰੀ ਨੇ ਇਸ ਮੁੱਦੇ 'ਤੇ ਕਿਹਾ ਸੀ ਕਿ ਇਸ ਮੁੱਦੇ 'ਤੇ ਸਰਕਾਰ ਕੋਈ ਫ਼ੈਸਲਾ ਨਹੀਂ ਕਰੇਗੀ ਜਦੋਂ ਤਕ ਕਿ ਕਾਨੂੰਨੀ ਪ੍ਰਕਿਰਿਆ ਖ਼ਤਮ ਨਹੀਂ ਹੋ ਜਾਂਦੀ। (ਪੀਟੀਆਈ)