
ਮੁਲਜ਼ਮ ਟਰੱਕ ਡਰਾਈਵਰ ਪੁਲਿਸ ਹਿਰਾਸਤ ਵਿੱਚ
ਚੇਨਈ - ਤਾਮਿਲਨਾਡੂ ਦੇ ਚੇਨਈ 'ਚ ਮੰਗਲਵਾਰ ਨੂੰ ਇੱਕ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਮਹਿਲਾ ਸਾਫ਼ਟਵੇਅਰ ਇੰਜੀਨੀਅਰ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਸਵੇਰੇ 7.30 ਵਜੇ ਦੇ ਕਰੀਬ ਵਾਪਰਿਆ ਜਦੋਂ ਔਰਤ ਆਪਣੇ ਭਰਾ ਨੂੰ ਸਕੂਲ ਛੱਡਣ ਜਾ ਰਹੀ ਸੀ।
ਮ੍ਰਿਤਕ ਔਰਤ ਦੀ ਪਛਾਣ ਸ਼ੋਭਨਾ ਵਜੋਂ ਹੋਈ ਹੈ, ਜੋ ਮਦੁਰਾਵੋਇਲ ਵਿੱਚ ਸਰਵਿਸ ਰੋਡ 'ਤੇ ਜਾ ਰਹੀ ਸੀ ਜਦੋਂ ਉਸ ਦਾ ਸਕੂਟਰ ਇੱਕ ਟੋਏ 'ਚੋਂ ਲੰਘਿਆ। ਟੋਏ 'ਚੋਂ ਲੰਘਣ ਦੌਰਾਨ ਉਹ ਸਕੂਟਰ ਤੋਂ ਕਾਬੂ ਗੁਆ ਬੈਠੀ ਅਤੇ ਦੋਵੇਂ ਭੈਣ-ਭਰਾ ਸਕੂਟਰ ਤੋਂ ਡਿੱਗ ਗਏ।
ਪੁਲਿਸ ਨੇ ਦੱਸਿਆ, ''ਪਿੱਛੋਂ ਆ ਰਹੇ ਟਰੱਕ ਨੇ ਔਰਤ ਨੂੰ ਦਰੜ ਦਿੱਤਾ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਭਰਾ ਦੇ ਸੱਟਾਂ ਲੱਗੀਆਂ ਪਰ ਉਸ ਦੀ ਜਾਨ ਬਚ ਗਈ।
ਪੁਲਿਸ ਨੇ ਅੱਗੇ ਦੱਸਿਆ ਕਿ ਮ੍ਰਿਤਕ ਦਾ ਭਰਾ ਹਰੀਸ਼ ਤਾਮਿਲਨਾਡੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਟਰੱਕ ਡਰਾਈਵਰ ਦੀ ਪਛਾਣ ਮੋਹਨ ਵਜੋਂ ਹੋਈ ਹੈ, ਅਤੇ ਉਸ ਨੂੰ ਤੇਜ਼ ਗਤੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਰਕੇ ਮੌਤ ਦਾ ਕਾਰਨ ਬਣਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮਹਿਲਾ ਦੀ ਮੌਤ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਟੋਇਆਂ ਨੂੰ ਭਰ ਦਿੱਤਾ ਅਤੇ ਸੜਕ ਦੇ ਖਰਾਬ ਹੋਏ ਹਿੱਸਿਆਂ ਦੀ ਮੁਰੰਮਤ ਕੀਤੀ।