
ਅੱਜ ਕੇਂਦਰ-ਰਾਜ ਸਬੰਧਾਂ 'ਚ ਉਦੋਂ ਲੋਕ-ਰਾਜ ਲਈ ਮਾਰੂ ਨਿਵਾਣਾਂ ਨੂੰ ਛੂਹ ਗਈ ਜਦ ਦਿੱਲੀ ਤੋਂ ਆਈ ਸੀ.ਬੀ.ਆਈ. ਟੀਮ ਨੂੰ ਇਹ ਦੋਸ਼ ਲਾ ਕੇ ਪੁਲਿਸ ਕਮਿਸ਼ਨਰ ਦੇ ਦਫ਼ਤਰ.....
ਨਵੀਂ ਦਿੱਲੀ : ਅੱਜ ਕੇਂਦਰ-ਰਾਜ ਸਬੰਧਾਂ 'ਚ ਉਦੋਂ ਲੋਕ-ਰਾਜ ਲਈ ਮਾਰੂ ਨਿਵਾਣਾਂ ਨੂੰ ਛੂਹ ਗਈ ਜਦ ਦਿੱਲੀ ਤੋਂ ਆਈ ਸੀ.ਬੀ.ਆਈ. ਟੀਮ ਨੂੰ ਇਹ ਦੋਸ਼ ਲਾ ਕੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਚ ਦਾਖ਼ਲ ਨਾ ਹੋਣ ਦਿਤਾ ਕਿ ਉਹ ਮੋਦੀ ਅਤੇ ਸ਼ਾਹ ਦੇ ਇਸ਼ਾਰੇ ਤੇ ਮਮਤਾ ਬੈਨਰਜੀ ਤੋਂ ਬਦਲਾ ਲੈਣ ਲਈ ਭੇਜੀ ਗਈ ਹੈ। ਮਮਤਾ ਬੈਨਰਜੀ ਤੁਰਤ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਚ ਪੁੱਜ ਗਏ ਤੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਪਿਛੋਂ ਪ੍ਰੈੱਸ-ਕਾਨਫ਼ਰੰਸ ਕਰ ਕੇ ਐਲਾਨ ਕੀਤਾ ਕਿ ਕੇਂਦਰ ਦੀ ਧੱਕੇਸ਼ਾਹੀ ਅਤੇ ਬੰਗਾਲ ਵਿਚ ਅਸਥਿਰਤਾ ਪੈਦਾ ਕਰਨ ਵਾਲੀ ਮੋਦੀ ਸਰਕਾਰ ਨੂੰ ਜਨਤਾ ਹੁਣ ਗੱਦੀ ਤੋਂ ਲਾਹ ਦੇਵੇਗੀ।
ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਵਿਰੁਧ ਧਰਨਾ ਸ਼ੁਰੂ ਕਰ ਰਹੇ ਹਨ ਤੇ ਇਹ ਧਰਨਾ ਉਦੋਂ ਤਕ ਚਲਦਾ ਰਹੇਗਾ ਜਦ ਤਕ ਸੀ.ਬੀ.ਆਈ. ਅਪਣੀ ਗ਼ਲਤੀ ਦਾ ਪਸ਼ਚਾਤਾਪ ਨਹੀਂ ਕਰ ਲੈਂਦੀ। ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਜੋੜੀ ਨੇ ਐਮਰਜੈਂਸੀ ਵੇਲੇ ਨਾਲੋਂ ਵੀ ਦੇਸ਼ ਵਿਚ ਜ਼ਿਆਦਾ ਬੁਰੇ ਹਾਲਾਤ ਪੈਦਾ ਕਰ ਦਿਤੇ ਹਨ। ਮਮਤਾ ਬੈਨਰਜੀ ਨੇ ਹੋਰ ਕਿਹਾ ਕਿ ਮੇਰਾ ਬਹੁਤ ਅਪਮਾਨ ਕੀਤਾ ਗਿਆ ਪਰ ਮੈਂ ਬਰਦਾਸ਼ਤ ਕਰਦੀ ਰਹੀ ਪਰ ਹੋਰ ਨਹੀਂ ਸਹਿ ਸਕਦੀ। ਉਨ੍ਹਾਂ ਕਿਹਾ ਦੇਸ਼ ਬਚਾਉ ਮੋਦੀ ਹਟਾਊ ਨੂੰ ਹਕੀਕੀ ਰੂਪ ਦੇਣ ਲਈ ਜਨਤਾ ਤਿਆਰ ਹੈ ਅਤੇ ਛੇਤੀ ਹੀ ਬੀ.ਜੇ.ਪੀ. ਸਰਕਾਰ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਜਾਵੇਗੀ।
ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਕੁਮਾਰ 'ਫ਼ਰਾਰ' ਚਲ ਰਹੇ ਹਨ ਅਤੇ ਸ਼ਾਰਦਾ ਅਤੇ ਰੋਜ਼ ਵੈਲੀ ਚਿਟਫ਼ੰਡ ਘਪਲਿਆਂ ਦੇ ਸਿਲਸਿਲੇ 'ਚ ਉਨ੍ਹਾਂ ਦੀ 'ਭਾਲ' ਕੀਤੀ ਜਾ ਰਹੀ ਹੈ। ਇਸ ਦਾਅਵੇ ਤੋਂ ਇਕ ਦਿਨ ਬਾਅਦ ਸੀ.ਬੀ.ਆਈ. ਦੇ ਕਰੀਬ 40 ਅਧਿਕਾਰੀਆਂ-ਮੁਲਾਜ਼ਮਾਂ ਦੀ ਇਕ ਟੀਮ ਐਤਵਾਰ ਸ਼ਾਮ ਕੁਮਾਰ ਦੇ ਘਰ ਪੁੱਜੀ। ਪਰ ਉਥੇ ਤੈਨਾਤ ਸੰਤਰੀਆਂ ਨੇ ਸੀ.ਬੀ.ਆਈ. ਟੀਮ ਨੂੰ ਘਰ 'ਚ ਦਾਖ਼ਲ ਹੋਣ ਤੋਂ ਰੋਕ ਦਿਤਾ। ਹੰਗਾਮੇ ਵਿਚਕਾਰ ਉਸ ਵੇਲੇ ਟਕਰਾਅ ਦੇ ਹਾਲਾਤ ਪੈਦਾ ਹੋ ਗਏ ਜਦੋਂ ਕੋਲਕਾਤਾ ਪੁਲਿਸ ਦੇ ਕੁੱਝ ਮੁਲਾਜ਼ਮ ਸੀ.ਬੀ.ਆਈ. ਦੇ ਕੁੱਝ ਅਧਿਕਾਰੀਆਂ ਨੂੰ ਜ਼ਬਰਦਸਤੀ
ਇਕ ਨੇੜਲੇ ਪੁਲਿਸ ਥਾਣੇ ਲੈ ਗਏ। ਫਿਰ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਸੀ.ਬੀ.ਆਈ. ਦੇ ਕੁੱਝ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਹਨ। ਸੀ.ਬੀ.ਆਈ. ਸੂਤਰਾਂ ਨੇ ਦਾਅਵਾ ਕੀਤਾ ਕਿ ਉਸ ਦੇ ਕੁੱਝ ਅਧਿਕਾਰੀਆਂ ਨੂੰ ਕੁਮਾਰ ਦੇ ਲਾਊਡਨ ਸਟ੍ਰੀਟ ਸਥਿਤ ਘਰ ਤੋਂ ਜ਼ਬਰਦਸਤੀ ਕਿਤੇ ਹੋਰ ਲਿਜਾ ਕੇ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਸੂਬੇ ਦੇ ਇਕ ਪੁਲਿਸ ਅਧਿਕਾਰੀ ਨੇ ਇਸ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਂਚ ਲਈ ਪੁਲਿਸ ਥਾਣੇ ਲਿਆਂਦਾ ਗਿਆ ਸੀ ਕਿ ਉਨ੍ਹਾਂ ਕੋਲ ਕੁਮਾਰ ਨਾਲ ਪੁੱਛ-ਪੜਤਾਲ ਲਈ ਜ਼ਰੂਰੀ ਦਸਤਾਵੇਜ਼ ਹਨ।
ਸੀ.ਬੀ.ਆਈ. ਮੁਤਾਬਕ ਚਿਟਫ਼ੰਡ ਘਪਲੇ ਦੀ ਜਾਂਚ ਲਈ ਪਛਮੀ ਬੰਗਾਲ ਪੁਲਿਸ ਵਲੋਂ ਗਠਤ ਐਸ.ਆਈ.ਟੀ. ਦੀ ਅਗਵਾਈ ਕਰ ਚੁੱਕੇ ਆਈ.ਪੀ.ਐਸ. ਅਧਿਕਾਰੀ ਕੁਮਾਰ ਨਾਲ ਗ਼ਾਇਬ ਦਸਤਾਵੇਜ਼ਾਂ ਅਤੇ ਫ਼ਾਈਲਾਂ ਬਾਬਤ ਪੁੱਛ-ਪੜਤਾਲ ਕਰਨੀ ਹੈ, ਪਰ ਉਨ੍ਹਾਂ ਜਾਂਚ ਏਜੰਸੀ ਸਾਹਮਣੇ ਪੇਸ਼ ਹਣ ਲਈ ਜਾਰੀ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿਤਾ ਹੈ। ਮਮਤਾ ਬੈਨਰਜੀ ਨੇ ਸਵਾਲ ਕੀਤਾ ਕਿ ਕਾਨੂੰਨ-ਵਿਵਸਥਾ ਸੂਬੇ ਦਾ ਵਿਸ਼ਾ ਹੈ ਅਤੇ ਉਹ ਕਿਉਂਕਿ ਸੀ.ਬੀ.ਆਈ. ਨੂੰ ਸਾਰਾ ਕੁੱਝ (ਦਸਤਾਵੇਜ਼) ਦੇ ਦੇਣ? ਉਨ੍ਹਾਂ ਕਿਹਾ ਕਿ ਉਹ ਸੰਵਿਧਾਨ ਦੀ ਰਾਖਲ ਲਈ ਰਾਤ ਨੂੰ ਧਰਨੇ 'ਤੇ ਬੈਠਣਗੇ।
ਦਿਨ 'ਚ ਵੀ ਮਮਤਾ ਬੈਨਰਜੀ ਨੇ ਰਾਜੀਵ ਕੁਮਾਰ ਪ੍ਰਤੀ ਅਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਬਦਲੇ ਦੀ ਭਾਵਨਾ ਵਾਲੀ ਸਿਆਸਤ ਕਰਨ ਦਾ ਦੋਸ਼ ਲਾਇਆ। ਮੁੱਖ ਮੰਤਰੀ ਨੇ ਦੋਸ਼ ਲਾਇਆ, ''ਭਗਵੀਂ ਪਾਰਟੀ ਪੁਲਿਸ ਅਤੇ ਹੋਰ ਸਰੋਤਾਂ ਨੂੰ ਕਾਬੂ ਹੇਠ ਕਰਨ ਲਈ ਸੱਤਾ ਦਾ ਗ਼ਲਤ ਪ੍ਰਯੋਗ ਕਰ ਰਹੀ ਹੈ। ਨਾ ਸਿਰਫ਼ ਸਿਆਸੀ ਪਾਰਟੀਆਂ ਨਿਸ਼ਾਨੇ 'ਤੇ ਹਨ ਬਲਕਿ ਪੁਲਿਸ ਨੂੰ ਕਾਬੂ 'ਚ ਲੈਣ ਅਤੇ ਸਰੋਤਾਂ ਨੂੰ ਬਰਬਾਦ ਕਰਨ ਲਈ ਉਹ ਸੱਤਾ ਦਾ ਗ਼ਲਤ ਪ੍ਰਯੋਗ ਕਰ ਰਹ ਹਨ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।'' (ਪੀਟੀਆਈ)