
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ (ਭਾਰਤੀ ਜਨਤਾ ਪਾਰਟੀ) ਕਾਰਕੁਨਾਂ ਨੂੰ ਪਹਿਲਾਂ ਅਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ...
ਨਾਗਪੁਰ (ਮਹਾਰਾਸ਼ਟਰ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ (ਭਾਰਤੀ ਜਨਤਾ ਪਾਰਟੀ) ਕਾਰਕੁਨਾਂ ਨੂੰ ਪਹਿਲਾਂ ਅਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਜੋ ਅਜਿਹਾ ਨਹੀਂ ਕਰ ਸਕਦਾ ਉਹ 'ਦੇਸ਼ ਨਹੀਂ ਸੰਭਾਲ ਸਕਦਾ।' ਗਡਕਰੀ, ਭਾਜਪਾ ਦੀ ਵਿਦਿਆਰਥੀ ਬ੍ਰਾਂਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੇ ਸਾਬਕਾ ਕਾਰਕੁਨਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਗਡਕਰੀ ਨੇ ਕਿਹਾ, ''ਮੈਂ ਕਈ ਲੋਕਾਂ ਨੂੰ ਮਿਲਿਆ ਹਾਂ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਭਾਜਪਾ, ਦੇਸ਼ ਲਈ ਅਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੇ ਹਾਂ।
ਮੈਂ ਕਹਿੰਦਾ ਹਾਂ, ਤੁਸੀਂ ਕੀ ਕਰ ਰਹੇ ਹੋ ਅਤੇ ਤੁਹਾਡੇ ਪ੍ਰਵਾਰ 'ਚ ਹੋਰ ਕੌਣ ਲੋਕ ਹਨ। ਉਹ ਦਸਦਾ ਹੈ ਕਿ ਮੈਂ ਅਪਣੀ ਦੁਕਾਨ ਬੰਦ ਕਰ ਦਿਤੀ ਹੈ ਕਿਉਂਕਿ ਉਹ ਠੀਕ ਤਰ੍ਹਾਂ ਨਹੀਂ ਚਲ ਰਹੀ ਸੀ। ਘਰ 'ਚ ਪਤਨੀ, ਬੱਚੇ ਹਨ।''ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਪਹਿਲਾਂ ਅਪਣੇ ਘਰ ਦੀ ਦੇਖਭਾਲ ਕਰੋ ਕਿਉਂਕਿ ਜੋ ਅਪਣਾ ਘਰ ਨਹੀਂ ਸੰਭਾਲ ਸਕਦਾ ਉਹ ਦੇਸ਼ ਨੂੰ ਨਹੀਂ ਸੰਭਾਲ ਸਕਦਾ। ਇਸ ਲਈ ਪਹਿਲਾਂ ਅਪਣਾ ਘਰ ਸੰਭਾਲੋ ਅਤੇ ਅਪਣੇ ਬੱਚੇ, ਜਾਇਦਾਦ ਵੇਖਣ ਤੋਂ ਬਾਅਦ ਪਾਰਟੀ ਅਤੇ ਦੇਸ਼ ਲਈ ਕੰਮ ਕਰੋ।''
ਗਡਕਰੀ ਦੀ ਇਹ ਟਿਪਣੀ ਮੋਦੀ ਵਿਰੁਧ ਕੀਤੀ ਗਈ ਲਗਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਥਿਤ ਤੌਰ 'ਤੇ ਪਾਰਟੀ ਅਤੇ ਦੇਸ਼ ਲਈ ਕੰਮ ਕਰਨ ਅਪਣੀ ਪਤਨੀ ਦਾ ਤਿਆਗ ਕਰ ਦਿਤਾ ਸੀ। ਗਡਕਰੀ ਇਸ ਤੋਂ ਪਹਿਲਾਂ ਵੀ ਮੋਦੀ ਦਾ ਨਾਂ ਲਏ ਬਗ਼ੈਰ ਉਨ੍ਹਾਂ 'ਤੇ ਵਾਰ ਕਰਨ ਲਈ ਸੁਰਖ਼ੀਆਂ 'ਚ ਆ ਚੁੱਕੇ ਹਨ। (ਪੀਟੀਆਈ)