
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਪੱਛਮ ਬੰਗਾਲ ਵਿਚ ਉਸ ਦੇ ਸਿਆਸੀ ਪ੍ਰੋਗਰਾਮ ਨਾ ਹੋਣ ਦੇਣ ਦਾ ਦੋਸ਼ ਲਗਾਇਆ ...
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਪੱਛਮ ਬੰਗਾਲ ਵਿਚ ਉਸ ਦੇ ਸਿਆਸੀ ਪ੍ਰੋਗਰਾਮ ਨਾ ਹੋਣ ਦੇਣ ਦਾ ਦੋਸ਼ ਲਗਾਇਆ ਅਤੇ ਚੋਣ ਕਮਿਸ਼ਨ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਤਾਕਿ ਲੋਕ ਸਭਾ ਚੋਣਾਂ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਹੋ ਸਕਣ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਉਚ ਪੱਧਰੀ ਵਫ਼ਦ ਨੇ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਨ ਲਈ ਚੋਣ ਕਮਿਸ਼ਨ ਨੂੰ ਇਕ ਮੰਗ ਪੱਤਰ ਸੌਂਪਿਆ ਕਿ ਤ੍ਰਿਣਮੂਲ ਕਾਂਗਰਸ ਲੋਕਤੰਤਰ ਵਿਚ ਯਕੀਨ ਨਹੀਂ ਕਰਦੀ ਹੈ।
ਇਸ ਵਫ਼ਦ ਵਿਚ ਸੀਤਾਰਮਨ ਤੋਂ ਇਲਾਵਾ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ, ਐਸ ਐਸ ਆਹਲੂਵਾਲੀਆ ਅਤੇ ਭਾਜਪਾ ਨੇਤਾ ਕੈਲਾਸ਼ ਵਿਜੈਵਰਗੀਆ, ਭੁਪੇਂਦਰ ਯਾਦਵ, ਅਨਿਲ ਬਲੂਨੀ ਅਤੇ ਮੁਕੁਲ ਰਾਏ ਸ਼ਾਮਲ ਸਨ। ਸੀਤਾਰਮਨ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਪੱਛਮ ਬੰਗਾਲ ਵਿਚ ਭਾਜਪਾ ਦੀ ਚੜ੍ਹਤ ਤੋਂ ਘਬਰਾ ਗਈ ਹੈ, ਇਹੀ ਵਜ੍ਹਾ ਹੈ ਕਿ ਉਹ ਭਗਵਾ ਪਾਰਟੀ ਦੇ ਪ੍ਰੋਗਰਾਮਾਂ 'ਤੇ ਪਾਬੰਦੀਆਂ ਲਗਾ ਰਹੀ ਹੈ ਅਤੇ ਇੱਥੋਂ ਤਕ ਕਿ ਕੁੱਝ ਰੈਲੀਆਂ ਹੋਣ ਵੀ ਨਹੀਂ ਦਿਤੀਆਂ ਜਾ ਰਹੀਆਂ।
ਪਾਰਟੀ ਨੇ ਐਤਵਾਰ ਨੂੰ ਦੋਸ਼ ਲਗਾਇਆ ਸੀ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਰਕਾਰ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਹੈਲੀਕਾਪਟਰ ਨੂੰ ਸੂਬੇ ਵਿਚ ਉਤਰਨ ਨਹੀਂ ਦਿਤਾ ਅਤੇ ਦੋ ਤੈਅਸ਼ੁਦਾ ਰੈਲੀਆਂ ਨੂੰ ਸੰਬੋਧਨ ਨਹੀਂ ਕਰਨ ਦਿਤਾ। ਸੀਤਾਰਮਨ ਨੇ ਦੋਸ਼ ਲਗਾਇਆ ਕਿ ਭਾਜਪਾ ਨੂੰ ਨਿਸ਼ਾਨਾ ਬਣਾਉਣ ਵਿਚ ਪੱਛਮੀ ਬੰਗਾਲ ਦੇ ਅਧਿਕਾਰੀ ਵੀ ਸੱਤਾਧਾਰੀ ਪਾਰਟੀ ਦੇ ਨਾਲ ਮਿਲੇ ਹੋਏ ਹਨ।