
ਕਾਂਗਰਸੀ ਸਾਂਸਦ ਅਧੀਰ ਰੰਜਨ ਚੌਧਰੀ ਦਾ ਭਾਜਪਾ ਸਾਂਸਦ ਹੇਗੜੇ 'ਤੇ ਨਿਸ਼ਾਨਾ
ਭਾਜਪਾ ਸਾਂਸਦ ਆਨੰਤ ਹੇਗੜੇ ਦੇ ਬਿਆਨ 'ਤੇ ਸੰਸਦ 'ਚ ਭਾਰੀ ਹੰਗਾਮਾ
ਹੇਗੜੇ ਨੇ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਨੂੰ ਦੱਸਿਆ ਸੀ 'ਡਰਾਮਾ'
ਨਵੀਂ ਦਿੱਲੀ- ''ਜੋ ਲੋਕ ਕਾਂਗਰਸ ਦਾ ਸਮਰਥਨ ਕਰਦੇ ਹਨ, ਉਹ ਇਹੀ ਕਹਿੰਦੇ ਹਨ ਕਿ ਭਾਰਤ ਨੂੰ ਆਜ਼ਾਦੀ ਭੁੱਖ ਹੜਤਾਲ ਅਤੇ ਸੱਤਿਆਗ੍ਰਹਿ ਤੋਂ ਮਿਲੀ। ਇਹ ਸੱਚ ਨਹੀਂ ਹੈ। ਅੰਗਰੇਜ਼ਾਂ ਨੇ ਦੇਸ਼ ਨੂੰ ਸੱਤਿਆਗ੍ਰਹਿ ਦੀ ਵਜ੍ਹਾ ਨਾਲ ਨਹੀਂ ਛੱਡਿਆ। ਉਨ੍ਹਾਂ ਨੇ ਸਾਨੂੰ ਨਿਰਾਸ਼ਾ ਅਤੇ ਹਾਰ ਦੀ ਵਜ੍ਹਾ ਨਾਲ ਆਜ਼ਾਦੀ ਦਿੱਤੀ। ਜਦੋਂ ਮੈਂ ਇਤਿਹਾਸ ਪੜ੍ਹਦਾ ਹਾਂ ਤਾਂ ਮੇਰਾ ਖ਼ੂਨ ਖੌਲਦਾ ਹੈ।
File Photo
ਅਜਿਹੇ ਲੋਕ ਸਾਡੇ ਦੇਸ਼ ਵਿਚ ਮਹਾਤਮਾ ਬਣ ਜਾਂਦੇ ਹਨ। ਸੱਤਿਆਗ੍ਰਹਿ ਦਾ ਪੂਰਾ ਸੰਘਰਸ਼ ਬਣਾਵਟੀ ਸੀ ਅਤੇ ਇਸ ਨੂੰ ਬ੍ਰਿਟਿਸ਼ ਸਾਮਰਾਜ ਦਾ ਸਮਰਥਨ ਹਾਸਲ ਸੀ। ਉਸ ਦੌਰ ਦੇ ਤਥਾ ਕਥਿਤ ਵੱਡੇ ਨੇਤਾਵਾਂ ਨੇ ਇਕ ਵਾਰ ਵੀ ਪੁਲਿਸ ਤੋਂ ਮਾਰ ਨਹੀਂ ਖਾਧੀ ਸੀ। ਉਨ੍ਹਾਂ ਦਾ ਆਜ਼ਾਦੀ ਅੰਦੋਲਨ ਡਰਾਮਾ ਸੀ। ਇਨ੍ਹਾਂ ਵੱਡੇ ਨੇਤਾਵਾਂ ਨੇ ਅੰਗਰੇਜ਼ਾਂ ਦੀ ਇਜਾਜ਼ਤ ਤੋਂ ਬਾਅਦ ਇਹ ਡਰਾਮਾ ਕੀਤਾ। ਇਹ ਕੋਈ ਅਸਲ ਲੜਾਈ ਨਹੀਂ ਸੀ, ਇਹ ਦਿਖਾਵਟੀ ਸੰਘਰਸ਼ ਸੀ।''
File Photo
ਸਾਬਕਾ ਕੇਂਦਰੀ ਮੰਤਰੀ ਅਤੇ ਕਰਨਾਟਕ ਤੋਂ ਭਾਜਪਾ ਸਾਂਸਦ ਆਨੰਤ ਕੁਮਾਰ ਹੇਗੜੇ ਵੱਲੋਂ ਮਹਾਤਮਾ ਗਾਂਧੀ ਨੂੰ ਲੈ ਕੇ ਦਿੱਤੇ ਬਿਆਨ 'ਤੇ ਮੰਗਲਵਾਰ ਨੂੰ ਲੋਕ ਸਭਾ ਵਿਚ ਭਾਰੀ ਹੰਗਾਮਾ ਹੋਇਆ। ਸਦਨ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਹੇਗੜੇ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਮਹਾਤਮਾ ਗਾਂਧੀ ਨੂੰ ਪੂਰੀ ਦੁਨੀਆ ਪੂਜਦੀ ਹੈ, ਭਾਜਪਾ ਸਾਂਸਦ ਆਨੰਤ ਹੇਗੜੇ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ।
Adhir Ranjan Chowdhury
ਅਧੀਰ ਰੰਜਨ ਚੌਧਰੀ ਇਥੇ ਹੀ ਨਹੀਂ ਰੁਕੇ, ਉਨ੍ਹਾਂ ਇੱਥੋਂ ਤਕ ਆਖ ਦਿੱਤਾ ਕਿ ਜੋ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢਣ ਵਾਲੇ ਉਹ ਰਾਵਣ ਦੀ ਔਲਾਦ ਹਨ ਜੋ ਰਾਮ ਦੇ ਪੁਜਾਰੀ ਦਾ ਅਪਮਾਨ ਕਰ ਰਹੇ ਹਨ। ਕਾਂਗਰਸੀ ਨੇਤਾ ਦੇ ਇਸ ਬਿਆਨ ਮਗਰੋਂ ਲੋਕ ਸਭਾ ਸਪੀਕਰ ਨੇ ਇਸ ਸ਼ਬਦ ਨੂੰ ਲੋਕ ਸਭਾ ਦੀ ਕਾਰਵਾਈ ਵਿਚੋਂ ਹਟਾ ਦਿੱਤਾ। ਦਰਅਸਲ ਬੀਤੇ ਦਿਨ ਬੰਗਲੁਰੂ ਵਿਚ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਭਾਜਪਾ ਸਾਂਸਦ ਆਨੰਤ ਹੇਗੜੇ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਵਿਵਾਦਤ ਬਿਆਨ ਦਿੰਦਿਆਂ
File Photo
ਉਨ੍ਹਾਂ ਦੇ ਆਜ਼ਾਦੀ ਸੰਗਰਾਮ ਨੂੰ ਡਰਾਮਾ ਆਖ ਦਿੱਤਾ ਸੀ। ਦੱਸ ਦਈਏ ਕਿ ਆਨੰਤ ਹੇਗੜੇ 2014 ਤੋਂ 2019 ਤਕ ਕੇਂਦਰ ਸਰਕਾਰ ਵਿਚ ਕੌਸ਼ਲ ਵਿਕਾਸ ਮੰਤਰੀ ਰਹਿ ਚੁੱਕੇ ਹਨ। ਉਹ 2017 ਵਿਚ ਉਦੋਂ ਚਰਚਾ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਭਾਜਪਾ ਉਸ ਸੰਵਿਧਾਨ ਨੂੰ ਬਦਲ ਦੇਵੇਗੀ, ਜਿਸ ਵਿਚ ਧਰਮ ਨਿਰਪੱਖ ਸ਼ਬਦ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਰਾਹੁਲ ਗਾਂਧੀ 'ਤੇ ਵਿਵਾਦਤ ਟਿੱਪਣੀ ਲਈ ਵੀ ਚਰਚਾ ਵਿਚ ਰਹਿ ਚੁੱਕੇ ਹਨ।