
ਮਨਦੀਪ ਪੂਨੀਆ ਨੇ ਜੇਲ੍ਹ ਵਿਚ ਵੀ ਜਾਰੀ ਰੱਖੀ ਪੱਤਰਕਾਰੀ
ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਬੀਤੇ ਦਿਨੀਂ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਰਿਪੋਟਿੰਗ ਕਰ ਰਹੇ ਆਜ਼ਾਦ ਪੱਤਰਕਾਰ ਮਨਦੀਪ ਪੂਨੀਆ ਨੂੰ ਹਿਰਾਸਤ ਵਿਚ ਲਿਆ ਸੀ। ਰੋਹਿਨੀ ਦੀ ਅਦਾਲਤ ਨੇ ਪੱਤਰਕਾਰ ਮਨਦੀਪ ਪੂਨੀਆ ਨੂੰ ਜ਼ਮਾਨਤ ਦਿੱਤੀ ਅਤੇ ਉਹ ਤਿਹਾੜ ਜੇਲ੍ਹ ਵਿਚੋਂ ਰਿਹਾਅ ਹੋ ਕੇ ਬਾਹਰ ਆ ਚੁੱਕੇ ਹਨ।
Mandeep Punia
ਰਿਹਾਅ ਹੋਣ ਤੋਂ ਬਾਅਦ ਮਨਦੀਪ ਪੂਨੀਆ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਉਹ 30 ਜਨਵਰੀ ਨੂੰ ਰਿਪੋਟਿੰਗ ਕਰ ਰਹੇ ਸਨ ਤੇ ਪੁਲਿਸ ਨੇ ਉਹਨਾਂ ਦੀ ਰਿਪੋਟਿੰਗ ਨੂੰ ਭੰਗ ਕੀਤਾ। ਮਨਦੀਪ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਉਹਨਾਂ ਨੂੰ ਤਿਹਾੜ ਜੇਲ੍ਹ ਵਿਚ ਰੱਖਿਆ। ਉਹ ਇੱਥੇ ਕਰੀਬ 3 ਦਿਨ ਰਹੇ ਤੇ ਉਹਨਾਂ ਨੇ ਇਸ ਨੂੰ ਵੀ ਅਪਣੀ ਰਿਪੋਟਿੰਗ ਲਈ ਵਰਤਿਆ।
Mandeep Punia
ਜੇਲ੍ਹ ਵਿਚ ਮਨਦੀਪ ਨੇ ਉੱਥੇ ਮੌਜੂਦ ਪੰਜਾਬ-ਹਰਿਆਣਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਾਰੀ ਘਟਨਾ ਨੂੰ ਅਪਣੀਆਂ ਲੱਤਾਂ ‘ਤੇ ਲਿਖਿਆ। ਮਨਦੀਪ ਨੇ ਦੱਸਿਆ ਕਿ ਉਹ ਇਸ ਸਬੰਧੀ ਰਿਪੋਰਟ ਤਿਆਰ ਕਰਨਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਜੇਲ੍ਹ ਵਿਚ ਕਿਸਾਨਾਂ ਦੀ ਕੀ ਸਥਿਤੀ ਹੈ। ਉਹਨਾਂ ਕਿਹਾ ਕਿ ਰਿਪੋਟਿੰਗ ਮੇਰਾ ਕੰਮ ਹੈ ਤੇ ਇਸ ਨੂੰ ਉਹ ਹਰ ਹਾਲ ਵਿਚ ਜਾਰੀ ਰੱਖਣਗੇ। ਜੇਕਰ ਸਰਕਾਰ ਲੋਕਾਂ ਦੇ ਹੱਕਾਂ ਨੂੰ ਦਬਾਏਗੀ ਤਾਂ ਉਹ ਲੋਕਾਂ ਦੀ ਆਵਾਜ਼ ਚੁੱਕਣਗੇ।
Mandeep Punia
ਮਨਦੀਪ ਪੂਨੀਆ ਨੇ ਅਪਣੀ ਲੱਤ ‘ਤੇ ਜੇਲ੍ਹ ਵਿਚ ਕੈਦ ਕਿਸਾਨਾਂ ਦੇ ਨਾਂਅ ਅਤੇ ਉਹਨਾਂ ਸਬੰਧੀ ਹੋਰ ਜਾਣਕਾਰੀ ਲਿਖੀ ਹੈ। ਪੱਤਰਕਾਰ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦੀਆਂ ਲੱਤਾਂ ‘ਤੇ ਡਾਂਗਾਂ ਮਾਰੀਆਂ, ਇਸ ਲਈ ਉਹਨਾਂ ਨੇ ਇਸ ਨੂੰ ਹੀ ਅਪਣੀ ਰਿਪੋਟਿੰਗ ਦਾ ਮਾਧਿਅਮ ਬਣਾਇਆ। ਅਖੀਰ ਵਿਚ ਮਨਦੀਪ ਪੂਨੀਆ ਨੇ ਕਿਹਾ ਕਿ ਉਹ ਹੁਣ ਵੀ ਦਿੱਲੀ ਦੇ ਬਾਰਡਰਾਂ ਤੋਂ ਕਿਸਾਨੀ ਮੋਰਚੇ ਦੀ ਰਿਪੋਟਿੰਗ ਜਾਰੀ ਰੱਖਣਗੇ ਅਤੇ ਜ਼ਮੀਨੀ ਹਕੀਕਤ ਲੋਕਾਂ ਤੱਕ ਪਹੁੰਚਾਉਂਦੇ ਰਹਿਣਗੇ।