
7 ਜਨਵਰੀ ਨੂੰ ਹੋਏ ਧਮਾਕੇ 'ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਕੀਤੇ ਦਾਨ
ਨਵੀਂ ਦਿੱਲੀ - ਸਦਰ ਬਜ਼ਾਰ ਪੁਲਿਸ ਅਤੇ ਸਥਾਨਕ ਵਪਾਰੀਆਂ ਨੇ 1.76 ਲੱਖ ਰੁਪਏ ਇਕੱਠੇ ਕਰਕੇ ਪਟਾਕਾ ਧਮਾਕਾ ਪੀੜਤ ਦੇ ਪਰਿਵਾਰ ਨੂੰ ਦਾਨ ਵਜੋਂ ਦਿੱਤੇ ਹਨ। ਪੀੜਤਾ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ।
ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ।
ਪੁਲਿਸ ਅਨੁਸਾਰ ਗੁਲਾਬ ਸਿੰਘ ਦੀ 7 ਜਨਵਰੀ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਇੱਕ ਇਮਾਰਤ ਵਿੱਚ ਪਟਾਕਿਆਂ ਨਾਲ ਭਰਿਆ ਬੈਗ ਫ਼ਟ ਗਿਆ ਸੀ।
ਪੁਲਿਸ ਅਨੁਸਾਰ ਧਮਾਕੇ ਵਿੱਚ ਸਿੰਘ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇਲਾਜ ਦੌਰਾਨ ਸਿੰਘ ਦੀ ਮੌਤ ਹੋ ਗਈ ਸੀ।
ਇਸ ਘਟਨਾ ਦੇ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਰਹਿਣ ਵਾਲੇ ਮੁਹੰਮਦ ਫ਼ੈਜ਼ (19) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫ਼ੈਜ਼ ਨੇ ਸਿੰਘ ਨੂੰ ਪਟਾਕਿਆਂ ਦਾ ਇੱਕ ਬੈਗ ਨਸ਼ਟ ਕਰਨ ਲਈ ਦਿੱਤਾ ਸੀ।
ਧਮਾਕਾ ਸਦਰ ਬਜ਼ਾਰ 'ਚ ਕੁਤੁਬ ਰੋਡ 'ਤੇ ਇੱਕ ਇਮਾਰਤ 'ਚ ਹੋਇਆ, ਜਿਸ 'ਚ ਇੱਕ ਕੰਧ ਅਤੇ ਪੌੜੀਆਂ ਢਹਿ ਗਏ ਸੀ।
ਪੁਲਿਸ ਨੇ ਦੱਸਿਆ ਕਿ ਫ਼ੈਜ਼ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦਾ ਕਾਰੋਬਾਰ ਕਰਦਾ ਸੀ। ਘਟਨਾ ਵਾਲੇ ਦਿਨ ਉਹ ਹੋਲੀ ਦੇ ਸਮਾਨ ਲਈ ਜਗ੍ਹਾ ਬਣਾਉਣ ਵਾਸਤੇ ਆਪਣੇ ਗੁਦਾਮ ਦੀ ਸਫ਼ਾਈ ਕਰ ਰਿਹਾ ਸੀ ਅਤੇ ਉਸ ਨੇ ਸਿੰਘ ਨੂੰ ਪਟਾਕੇ ਅਤੇ ਕੁਝ ਹੋਰ ਸਾਮਾਨ ਦਿੱਤਾ ਸੀ। ਉਸ ਨੇ ਸਿੰਘ ਨੂੰ ਬੈਗ ਵਿੱਚ ਪਟਾਕੇ ਹੋਣ ਬਾਰੇ ਨਹੀਂ ਦੱਸਿਆ ਸੀ।