
ਹਵਾਈ ਫ਼ੌਜ ਦੇ ਜਾਂਬਾਜ਼ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਐਮਆਰਆਈ ਰਿਪੋਰਟ ਤੋਂ ਪਤਾ ਲੱਗਾ ਕਿ ਮਿਗ-21 ਤੋਂ ਪੈਰਾਸ਼ੂਟ ਰਾਹੀਂ ਲੈਂਡ ਕਰਨ...
ਨਵੀਂ ਦਿੱਲੀ : ਹਵਾਈ ਫ਼ੌਜ ਦੇ ਜਾਂਬਾਜ਼ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਐਮਆਰਆਈ ਰਿਪੋਰਟ ਤੋਂ ਪਤਾ ਲੱਗਾ ਕਿ ਮਿਗ-21 ਤੋਂ ਪੈਰਾਸ਼ੂਟ ਰਾਹੀਂ ਲੈਂਡ ਕਰਨ ਦੌਰਾਨ ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗੀ ਹੈ, ਨਾਲ ਹੀ ਉਸ ਦੀਆਂ ਪਸਲੀਆਂ ਵਿਚ ਵੀ ਸੱਟ ਲੱਗੀ ਹੈ। ਦਿੱਲੀ ਦੇ ਹਸਪਤਾਲ ਵਿਚ ਅਭਿਨੰਦਨ ਦੀ ਮੈਡੀਕਲ ਜਾਂਚ ਜਾਰੀ ਹੈ। ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।
Abhinandan
ਉਨ੍ਹਾਂ ਨੂੰ ਇੱਥੋਂ ਅਗਲੇ ਦਸ ਦਿਨਾਂ ਤੱਕ ਅਪਣਾ ਇਲਾਜ ਕਰਾਉਣਾ ਹੋਵੇਗਾ। ਉਨ੍ਹਾਂ ਦੀ ਮੈਡੀਕਲ ਰਿਪੋਰਟ ਤੋਂ ਇਹ ਵੀ ਸਾਫ ਹੋ ਗਿਆ ਕਿ ਪਾਕਿਸਤਾਨ ਨੇ ਅਭਿਨੰਦਨ ਵਰਤਮਾਨ ਦੇ ਸਰੀਰ ਵਿਚ ਜਾਸੂਸੀ ਦੇ ਇਰਾਦੇ ਨਾਲ ਕੋਈ ਚਿੱਪ ਜਾਂ ਬਗ ਨਹੀਂ ਲਗਾਇਆ। ਵਿੰਗ ਕਮਾਂਡਰ ਅਭਿਨੰਦਨ ਨੇ ਡਿਬ੍ਰੀਫਿੰਗ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਪਾਕਿਸਤਾਨ ਵਿਚ ਉਨ੍ਹਾਂ ਨਾਲ ਹੋਏ ਦੁਰਵਿਹਾਰ ਨੂੰ ਲੈ ਕੇ ਅਹਿਮ ਜਾਣਕਾਰੀਆਂ ਦਿੱਤੀਆਂ ਹਨ। ਇਸੇ ਸਿਲਸਿਲੇ ਵਿਚ ਸੁਰੱਖਿਆ ਏਜੰਸੀਆਂ ਵੀ ਉਨ੍ਹਾਂ ਨਾਲ ਲਗਾਤਾਰ ਚਰਚਾ ਕਰਕੇ ਸਮੁੱਚੇ ਮਾਮਲੇ ਨੂੰ ਲੈ ਕੇ ਜਾਣਕਾਰੀਆਂ ਜੁਟਾ ਰਹੀਆਂ ਹਨ।
Mirage 2000
ਪਾਕਿਸਤਾਨ ਤੋਂ ਪਰਤਣ ਮਗਰੋਂ ਦਿੱਲੀ ਲਿਆਂਦੇ ਗਏ ਅਭਿਨੰਦਨ ਤੋਂ ਐਤਵਾਰ ਨੂੰ ਵੀ ਹਵਾਈ ਫ਼ੌਜ ਦੇ ਕਈ ਸੀਨੀਅਰ ਅਫ਼ਸਰਾਂ ਨੇ ਮੁਲਾਕਾਤ ਕੀਤੀ। ਉਨ੍ਹਾਂ ਨਾਲ ਰੱਖਿਆ ਮੰਤਰੀ ਸੀਤਾਰਮਨ ਤੇ ਏਅਰ ਚੀਫ਼ ਮਾਰਸ਼ਲ ਧਨੋਆ ਨੇ ਵੀ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਉਹ ਐਫ-16 ਜਹਾਜ਼ ਡੇਗਣ ਵਾਲੇ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਪਾਇਲਟ ਬਣ ਚੁੱਕੇ ਹਨ।