
‘ਮੋਦੀ ਜੀ ਦੀ ਸੈਨਾ’ ਬਿਆਨ ਨੂੰ ਲੈ ਕੇ ਯੋਗੀ ਨੂੰ ਚੋਣ ਕਮਿਸ਼ਨ ਨੇ ਕੀਤਾ 5 ਅਪ੍ਰੈਲ ਤੱਕ ਜਵਾਬ ਤਲਬ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਫ਼ੌਜ ਨੂੰ ‘ਮੋਦੀ ਜੀ ਕੀ ਸੈਨਾ’ ਦੱਸਿਆ ਸੀ। ਭਾਰਤੀ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੂੰ ਉਨ੍ਹਾਂ ਦੇ ਇਸ ਬਿਆਨ ਉਤੇ 5 ਅਪ੍ਰੈਲ ਤੱਕ ਜਵਾਬ ਤਲਬ ਕੀਤਾ ਹੈ। ਸੀਐਮ ਯੋਗੀ ਨੇ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਦੇ ਸੰਸਦੀ ਖੇਤਰ ਗਾਜੀਆਬਾਦ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਹ ਬਿਆਨ ਦਿਤਾ ਸੀ।
ਯੋਗੀ ਆਦਿੱਤਿਅਨਾਥ ਨੇ ਕਿਹਾ ਸੀ, ਕਾਂਗਰਸ ਦੇ ਲੋਕ ਅਤਿਵਾਦੀਆਂ ਨੂੰ ਬਿਰਯਾਨੀ ਖਵਾਉਂਦੇ ਸਨ ਅਤੇ ਮੋਦੀ ਜੀ ਦੀ ਫ਼ੌਜ ਉਨ੍ਹਾਂ ਨੂੰ ਸਿਰਫ਼ ਗੋਲੀ ਅਤੇ ਗੋਲਾ ਦਿੰਦੀ ਹੈ। ਇਹ ਅੰਤਰ ਹੈ। ਕਾਂਗਰਸ ਦੇ ਲੋਕ ਮਸੂਦ ਅਜ਼ਹਰ ਵਰਗੇ ਅਤਿਵਾਦੀਆਂ ਲਈ ਜੀ ਦਾ ਇਸਤੇਮਾਲ ਕਰਦੇ ਹਨ ਪਰ ਪੀਐਮ ਮੋਦੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਅਤਿਵਾਦੀਆਂ ਦੇ ਕੈਂਪ ਉਤੇ ਹਮਲੇ ਕਰਕੇ ਉਨ੍ਹਾਂ ਦਾ ਲੱਕ ਤੋੜਦੀ ਹੈ। ਮੁੱਖ ਮੰਤਰੀ ਯੋਗੀ ਜਿਨ੍ਹਾਂ ਦੇ ਲਈ ਪ੍ਰਚਾਰ ਕਰ ਰਹੇ ਸਨ, ਉਨ੍ਹਾਂ ਨੇ ਹੀ ਇਸ ਨੂੰ ਗ਼ਲਤ ਦੱਸਦੇ ਹੋਏ ਦੇਸ਼ ਧਰੋਹ ਕਰਾਰ ਦਿਤਾ ਹੈ।
ਇਕ ਇੰਟਰਵਿਊ ਵਿਚ ਜਨਰਲ ਵੀਕੇ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਸੈਨਾਵਾਂ ਭਾਰਤ ਦੀਆਂ ਹਨ ਅਤੇ ਇਹ ਕਿਸੇ ਰਾਜਨੀਤਕ ਪਾਰਟੀ ਦੀਆਂ ਨਹੀਂ ਹਨ। ਜੇਕਰ ਕੋਈ ਕਹਿੰਦਾ ਹੈ ਕਿ ਭਾਰਤ ਦੀ ਫ਼ੌਜ ਮੋਦੀ ਜੀ ਦੀ ਸੈਨਾ ਹੈ ਤਾਂ ਉਹ ਗ਼ਲਤ ਹੀ ਨਹੀਂ ਸਗੋਂ ਦੇਸ਼ ਧਰੋਹੀ ਵੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਕੌਣ ਅਜਿਹੀ ਗੱਲ ਕਰ ਰਿਹਾ ਹੈ। ਇਕ-ਦੋ ਲੋਕ ਹਨ ਜਿਨ੍ਹਾਂ ਦੇ ਮਨ ਵਿਚ ਅਜਿਹੀਆਂ ਗੱਲਾਂ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਕੋਲ ਤਾਂ ਕੁੱਝ ਹੋਰ ਹੈ ਹੀ ਨਹੀਂ।
ਦਸ ਦਈਏ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਦੇ ਮੋਦੀ ਜੀ ਦੀ ਸੈਨਾ ਵਾਲੇ ਬਿਆਨ ਉਤੇ ਗਾਜੀਆਬਾਦ ਦੇ ਡੀਐਮ ਤੋਂ ਰਿਪੋਰਟ ਮੰਗੀ ਸੀ। ਚੋਣ ਕਮਿਸ਼ਨ ਨੇ ਮੀਡੀਆ ਰਿਪੋਰਟ ਦਾ ਸਹਾਰਾ ਲੈਂਦੇ ਹੋਏ ਰਿਪੋਰਟ ਤਲਬ ਕੀਤੀ ਸੀ।