
ਗੋਲੀਬੰਦੀ ਸਮਝੌਤਾ ਲਾਗੂ ਹੋਣ ਦੇ ਬਾਵਜੂਦ ਸਰਹੱਦ ਪਾਰੋਂ ਹੋਈ ਗੋਲੀਬਾਰੀ ਬਾਰੇ ਸੁਲ੍ਹਾ-ਸਫ਼ਾਈ ਲਈ ਅੱਜ ਅੰਤਰਰਾਸ਼ਟਰੀ ਸਰਹੱਦ 'ਤੇ ਬੀਐਸਐਫ਼ ਅਤੇ ਪਾਕਿਸਤਾਨੀ ...
ਜੰਮੂ, ਗੋਲੀਬੰਦੀ ਸਮਝੌਤਾ ਲਾਗੂ ਹੋਣ ਦੇ ਬਾਵਜੂਦ ਸਰਹੱਦ ਪਾਰੋਂ ਹੋਈ ਗੋਲੀਬਾਰੀ ਬਾਰੇ ਸੁਲ੍ਹਾ-ਸਫ਼ਾਈ ਲਈ ਅੱਜ ਅੰਤਰਰਾਸ਼ਟਰੀ ਸਰਹੱਦ 'ਤੇ ਬੀਐਸਐਫ਼ ਅਤੇ ਪਾਕਿਸਤਾਨੀ ਰੇਂਜਰਾਂ ਦੇ ਸੈਕਟਰ ਕਮਾਂਡਰਾਂ ਵਿਚਾਲੇ ਗੱਲਬਾਤ ਹੋਈ। ਬੈਠਕ ਵਿਚ ਸਰਹੱਦ 'ਤੇ ਸ਼ਾਂਤੀ ਕਾਇਮ ਰੱਖਣ ਬਾਰੇ ਚਰਚਾ ਹੋਈ। ਲਗਭਗ 20 ਮਿੰਟ ਚੱਲੀ ਬੈਠਕ ਮਗਰੋਂ ਬੀਐਸਐਫ਼ ਦੇ ਬੁਲਾਰੇ ਨੇ ਦਸਿਆ ਕਿ ਸਰਹੱਦ 'ਤੇ ਸ਼ਾਂਤੀ ਅਤੇ ਢੁਕਵਾਂ ਮਾਹੌਲ ਕਿਵੇਂ ਬਣਾਇਆ ਜਾਵੇ, ਇਸ ਬਾਬਤ ਚਰਚਾ ਹੋਈ। ਇਸ ਦੇ ਨਾਲ ਹੀ 21 ਜੂਨ ਨੂੰ ਅਗਲੀ ਬੈਠਕ ਕਰਨ ਦਾ ਫ਼ੈਸਲਾ ਕੀਤਾ ਗਿਆ।
ਬੈਠਕ ਵਿਚ ਦੋਵੇਂ ਪਾਸਿਊਂ ਸਰਹੱਦੀ ਇਲਾਕਿਆਂ ਦੇ ਪੇਂਡੂਆਂ 'ਤੇ ਹੋ ਰਹੀ ਗੋਲੀਬਾਰੀ ਅਤੇ ਤਣਾਅ-ਮੁਕਤ ਵਾਤਾਵਰਣ ਬਣਾਉਣ ਬਾਰੇ ਵੀ ਚਰਚਾ ਹੋਈ। ਦੋਵੇਂ ਧਿਰਾਂ ਦੇ ਕਮਾਂਡਰ ਸੁਰੱਖਿਆ ਬਲਾਂ ਵਿਚਕਾਰ ਵਿਸ਼ਵਾਸ ਬਹਾਲ ਕਰਨ ਲਈ ਹਰ ਪੱਧਰ 'ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੋਏ ਸਮਝੌਤੇ ਦੇ ਬਾਵਜੂਦ ਬੀਐਸਐਫ਼ ਇਹ ਨਹੀਂ ਸਮਝ ਸਕੀ ਕਿ ਪਾਕਿਸਤਾਨ ਰੇਂਜਰਾਂ ਨੇ ਅਚਾਨਕ ਗੋਲੀਬਾਰੀ ਕਿਉਂ ਸ਼ੁਰੂ ਕੀਤੀ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਸਰਹੱਦ ਪਾਰੋਂ ਕਿਸੇ ਸਿਰਫਿਰੇ ਕਮਾਂਡਰ ਨੇ ਰਾਤ ਸਮੇਂ ਸਨਾਈਪਰ ਰਾਹੀਂ ਬੀਐਸਐਫ਼ ਦੇ ਦੋ ਜਵਾਨਾਂ ਨੂੰ ਨਿਸ਼ਾਨਾ ਬਣਾਇਆ। ਦੂਜੀ ਸੰਭਾਵਨਾ ਇਹ ਵੀ ਹੈ ਕਿ ਪਾਕਿਸਤਾਨੀ ਚੌਕੀ ਤੋਂ ਕਿਸੇ ਅਤਿਵਾਦੀ ਨੇ ਸਨਾਈਪਰ ਰਾਹੀਂ ਗੋਲੀ ਮਾਰ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ।
ਸੂਤਰਾਂ ਨੇ ਦਸਿਆ ਕਿ ਦੋਹਾਂ ਬਲਾਂ ਕੋਲ ਅਜਿਹੇ ਨਾਈਟ ਉਪਕਰਨ ਹਨ ਜਿਨ੍ਹਾਂ ਰਾਹੀਂ ਸਨਾਈਪਰ ਰਾਤ ਸਮੇਂ ਵੀ ਦੁਸ਼ਮਣ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸਨਿਚਰਵਾਰ ਰਾਤ ਦੋ ਵਜੇ ਬੀਐੈਸਐਫ਼ ਦੀ ਅਗਲੀ ਚੌਕੀ 'ਤੇ ਤੈਨਾਤ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। (ਏਜੰਸੀ)