
ਦੇਸ਼ ’ਚ 2022 ’ਚ ਖ਼ਰਾਬ ਮੌਸਮ ਕਰਕੇ 2770 ਲੋਕਾਂ ਦੀ ਮੌਤ ਹੋਈ
ਨਵੀਂ ਦਿੱਲੀ: ਦੇਸ਼ ‘ਚ ਛੇਤੀ ਹੀ ਟੈਲੀਵਿਜ਼ਨ ਸਕ੍ਰੀਨ ’ਤੇ ਖ਼ਰਾਬ ਮੌਸਮ ਬਾਰੇ ਚੇਤਾਵਨੀ ਸੰਦੇਸ਼ ਪ੍ਰਸਾਰਿਤ ਕੀਤੇ ਜਾਣਗੇ ਅਤੇ ਲੋਕਾਂ ਨੂੰ ਚੌਕਸ ਕਰਨ ਲਈ ਰੇਡੀਓ ’ਤੇ ਗੀਤਾਂ ਨੂੰ ਵਿਚਕਾਰ ਹੀ ਰੋਕ ਕੇ ਸੰਦੇਸ਼ ਦਿਤੇ ਜਾਣਗੇ।
ਰਾਸ਼ਟਰੀ ਬਿਪਤਾ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਨੇ ਭਾਰੀ ਮੀਂਹ, ਗਰਜ ਨਾਲ ਮੀਂਹ ਅਤੇ ਲੂ ਬਾਰੇ ਅਹਿਮ ਸੂਚਨਾਵਾਂ ਪ੍ਰਸਾਰਿਤ ਕਰਨ ਲਈ ਮੋਬਾਈਲ ਫ਼ੋਨ ’ਤੇ ਸੰਦੇਸ਼ (ਟੈਕਸਟ ਮੈਸੇਜ) ਭੇਜਣਾ ਸ਼ੁਰੂ ਕੀਤਾ ਹੈ।
ਅਧਿਕਾਰੀਆਂ ਅਨੁਸਾਰ ਹੁਣ ਉਸ ਦੀ ਯੋਜਨਾ ਟੈਲੀਵਿਜ਼ਨ, ਰੇਡੀਓ ਅਤੇ ਸੰਚਾਰ ਦੇ ਹੋਰ ਮਾਧਿਅਮਾਂ ’ਤੇ ਵੀ ਚੇਤਾਵਨੀ ਦੇਣ ਦੀ ਹੈ ਤਾਕਿ ਲੋਕਾਂ ਨੂੰ ਤੁਰਤ ਸੂਚਨਾ ਮਿਲੇ ਅਤੇ ਖ਼ਰਾਬ ਮੌਸਮ ਨਾਲ ਨਜਿੱਠਣ ਲਈ ਉਹ ਬਿਹਤਰ ਤਰੀਕੇ ਨਾਲ ਤਿਆਰ ਰਹਿਣ।
ਐਨ.ਡੀ.ਐਮ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਟੈਕਸਟ ਅਧਾਰਤ ਪ੍ਰਣਾਲੀ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਹਿੱਸਾ ਹੈ। ਦੂਜੇ ਪੜਾਅ ’ਚ ਟੀ.ਵੀ., ਰੇਡੀਓ ਅਤੇ ਹੋਰ ਮਾਧਿਅਮਾਂ ਨੂੰ ਲਿਆਂਦਾ ਜਾ ਰਿਹਾ ਹੈ ਜਿਸ ਨੂੰ ਸਾਲ ਦੇ ਅੰਤ ਤਕ ਲਾਗੂ ਕੀਤਾ ਜਾਵੇਗਾ।’’
ਉਨ੍ਹਾਂ ਕਿਹਾ ਕਿ ਤਕਨੀਕ ਅਤੇ ਸੰਚਾਰ ਦੇ ਮਿਸ਼ਰਣ ਨਾਲ ਐਨ.ਡੀ.ਐਮ.ਏ. ਦਾ ਉਦੇਸ਼ ਟੈਕਸਟ ਅਧਾਰਤ ਚੇਤਾਵਨੀਆਂ ਦੀਆਂ ਹੱਦਾਂ ਨੂੰ ਪਾਰ ਕਰਨਾ ਹੈ।
ਟੈਸਟ ਮੈਸੇਜ ਤੋਂ ਪਹਿਲਾਂ ਐਨ.ਡੀ.ਐਮ.ਏ. ‘ਨੈਸ਼ਨਲ ਡਿਜਾਸਟਰ ਅਲਰਟ ਪੋਰਟਲ’ ਅਤੇ ਮੋਬਾਈਲ ਐਪ ‘ਸਚੇਤ’ ਜ਼ਰੀਏ ਅਜਿਹੀਆਂ ਚੇਤਾਵਨੀਆਂ ਜਾਰੀ ਕਰਦਾ ਸੀ।
ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ ਦੇਸ਼ ’ਚ 2022 ’ਚ ਖ਼ਰਾਬ ਮੌਸਮ ਕਰਕੇ 2770 ਲੋਕਾਂ ਦੀ ਮੌਤ ਹੋਈ। ਉਨ੍ਹਾਂ ’ਚੋਂ 1580 ਲੋਕਾਂ ਦੀ ਮੌਤ ਗਰਜ ਨਾਲ ਮੀਂਹ ਅਤੇ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ਕਰਕੇ ਹੋਈ। ਬਾਕੀ ਲੋਕਾਂ ਦੀ ਮੌਤ ਲੂ, ਓਲੇ ਡਿੱਗਣ ਅਤੇ ਧੂੜ ਭਰੀ ਹਨੇਰੀ ਕਰਕੇ ਹੋਈ।