ਪੂਨੀਆ ਨੇ ਮਹਾਪੰਚਾਇਤ ਨੂੰ ਫਿਲਹਾਲ ਫ਼ੈਸਲਾ ਲੈਣ ਤੋਂ ਰੋਕਿਆ
ਨਵੀਂ ਦਿੱਲੀ - ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਇਹ ਮੀਟਿੰਗ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਹੋਈ। ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਕਰੀਬ ਦੋ ਘੰਟੇ ਤੱਕ ਬੈਠਕ ਚੱਲੀ। ਖਾਪ ਪੰਚਾਇਤਾਂ ਵੱਲੋਂ ਕੇਂਦਰ ਨੂੰ 9 ਜੂਨ ਤੱਕ ਦਾ ਅਲਟੀਮੇਟਮ ਦਿੱਤੇ ਜਾਣ ਮਗਰੋਂ ਇਹ ਮੀਟਿੰਗ ਹੋਈ।
ਇਸ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਇਕ ਮਹਿਲਾ ਪਹਿਲਵਾਨ ਦੀ ਮਾਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਪਹਿਲਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਪੂਰੀ ਜਾਂਚ ਦਾ ਭਰੋਸਾ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਪਹਿਲਵਾਨ ਹੀ ਸਨ ਜਿਨ੍ਹਾਂ ਨੇ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਇਹ ਮੀਟਿੰਗ ਹੋਈ। ਇਸ ਵਿਚ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਅਮਿਤ ਸ਼ਾਹ ਨੇ ਕਿਹਾ ਕਿ ਇਸ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰੇਗਾ। ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਪਹਿਲਵਾਨਾਂ ਨੂੰ ਪੁੱਛਿਆ ਕਿ ਕੀ ਪੁਲਿਸ ਨੂੰ ਆਪਣਾ ਕੰਮ ਕਰਨ ਦਾ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ? ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਜਰੰਗ ਪੂਨੀਆ ਨੇ ਐਤਵਾਰ ਨੂੰ ਸੋਨੀਪਤ ਦੇ ਪਿੰਡ ਮੁੰਡਲਾਨਾ 'ਚ ਹੋ ਰਹੀ ਸਰਵ ਸਮਾਜ ਦੀ ਮਹਾ ਪੰਚਾਇਤ ਨੂੰ ਕੋਈ ਵੀ ਫ਼ੈਸਲਾ ਲੈਣ ਤੋਂ ਰੋਕ ਦਿੱਤਾ। ਬਜਰੰਗ ਨੇ ਕਿਹਾ- ਮੈਂ ਗੁਰਨਾਮ ਚੜੂਨੀ (ਕਿਸਾਨ ਨੇਤਾ) ਨੂੰ ਅੱਜ ਬੇਨਤੀ ਕਰਾਂਗਾ ਕਿ ਉਹ ਕੋਈ ਫ਼ੈਸਲਾ ਨਾ ਲੈਣ।
ਅਸੀਂ ਖਿਡਾਰੀਆਂ ਵੱਲੋਂ ਇਕ ਪੰਚਾਇਤ ਕਰਵਾਵਾਂਗੇ। ਉਸ ਦਾ ਬੁਲਾਵਾ ਅਸੀਂ ਦੇਵਾਂਗੇ, ਅਸੀਂ ਜਗ੍ਹਾ ਦੱਸਾਂਗੇ, ਅਸੀਂ ਸਾਰਿਆਂ ਨੂੰ ਨਾਲ ਰੱਖ ਕੇ ਪੰਚਾਇਤ ਕਰਵਾਉਣੀ ਚਾਹੁੰਦੇ ਹਾਂ। ਇਸ ਵਿਚ ਸਾਡੀਆਂ ਸਾਰੀਆਂ ਖਾਪ ਪੰਚਾਇਤਾਂ, ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆਇਆ ਜਾਵੇਗਾ। 3 ਤੋਂ 4 ਦਿਨਾਂ 'ਚ ਜਗ੍ਹਾ ਤੈਅ ਕਰਕੇ ਦੱਸਿਆ ਜਾਵੇਗਾ।