
ਗ਼ਰੀਬਾਂ ਨੂੰ ਲੰਗਰ ਵੰਡਦੇ ਸਮੇਂ ਇਕ ਦਹਾਕੇ ਮਗਰੋਂ ਅਪਣੇ ਪਿਤਾ ਨਾਲ ਮਿਲਿਆ ਪੁੱਤਰ
ਰਾਮਗੜ੍ਹ (ਝਾਰਖੰਡ): ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ’ਚ ਇਕ ਸੰਗਠਨ ਵਲੋਂ ਲਾਏ ਲੰਗਰ ਦੌਰਾਨ ਗ਼ਰੀਬਾਂ ਨੂੰ ਖਾਣਾ ਪਰੋਸਦੇ ਸਮੇਂ 14 ਵਰ੍ਹਿਆਂ ਦਾ ਇਕ ਮੁੰਡਾ ਲਗਭਗ ਇਕ ਦਹਾਕੇ ਬਾਅਦ ਅਪਣੇ ਪਿਤਾ ਨਾਲ ਮਿਲਿਆ।
ਪਿਤਾ ਦੀ ਪਛਾਣ ਟਿੰਕੂ ਵਰਮਾ ਦੇ ਰੂਪ ’ਚ ਹੋਈ ਹੈ, ਜਿਸ ਨੂੰ ਪੁਲਿਸ ਨੇ 2013 ’ਚ ਉਸ ਦੀ ਪਤਨੀ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਸ਼ੁਕਰਵਾਰ ਦੁਪਹਿਰ ਨੂੰ ਮੁਫ਼ਤ ਭੋਜਨ ਵੰਡ ਦੌਰਾਨ ਉਹ ਵੀ ਕਤਾਰ ’ਚ ਬੈਠਾ ਸੀ। ਸੰਯੋਗਾਂ ਨਾਲ ਉਸ ਦਾ ਬੇਟਾ ਸ਼ਿਵਮ ਲੋਕਾਂ ਨੂੰ ਖਾਣਾ ਪਰੋਸ ਰਿਹਾ ਸੀ। ਬੇਟੇ ਨੇ ਉਸ ਵਿਅਕਤੀ ਨੂੰ ਵੇਖਿਆ ਅਤੇ ਉਸ ਨੂੰ ਲਗਿਆ ਕਿ ਦਾੜ੍ਹੀ ਵਾਲੇ ਇਸ ਵਿਅਕਤੀ ਦਾ ਚਿਹਰਾ ਉਸ ਦੇ ਪਿਤਾ ਨਾਲ ਮਿਲਦਾ ਹੈ।
ਟਿੰਕੂ ਵਰਮਾ ਨੇ ਵੀ ਅਪਣੇ ਪੁੱਤਰ ਨੂੰ ਪਛਾਣ ਲਿਆ ਜਿਸ ਨੂੰ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਅਨਾਥ, ਅਪਾਹਜ ਅਤੇ ਗ਼ਰੀਬ ਬੱਚਿਆਂ ਲਈ ਕੰਮ ਕਰਨ ਵਾਲੇ ਗ਼ੈਰ ਲਾਭਕਾਰੀ ਸੰਗਠਨ ‘ਡਿਵਾਇਨ ਓਂਕਾਰ ਮਿਸ਼ਨ’ ਨੂੰ ਸੌਂਪ ਦਿਤਾ ਸੀ। ਉਦੋਂ ਸ਼ਿਵਮ ਸਿਰਫ਼ ਤਿੰਨ ਸਾਲਾਂ ਦਾ ਸੀ।
ਦੋਵੇਂ ਪਿਤਾ-ਪੁੱਤਰ ਨੇ ਇਕ ਦੂਜੇ ਨੂੰ ਗਲੇ ਲਾਇਆ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇਸ ਭਾਵੁਕ ਪਲ ਨੇ ਸੰਗਠਨ ਦੇ ਪ੍ਰਬੰਧਕ ਰਾਜੇਸ਼ ਨੇਗੀ ਦਾ ਧਿਆਨ ਖਿੱਚਿਆ।
ਨੇਗੀ ਨੇ ਕਿਹਾ ਕਿ ਪ੍ਰਸ਼ਾਸਿਨਕ ਅਧਿਕਾਰੀਆਂ ਨੇ ਸ਼ਿਵਮ ਨੂੰ ਸੰਗਠਨ ਨੂੰ ਸੌਂਪ ਦਿਤਾ ਸੀ ਕਿਉਂਕਿ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਕਿਹਾ, ‘‘ਬੱਚੇ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਸੀ।’’ ਸ਼ਿਵਮ ਹੁਣ ਸੰਗਠਨ ਵਲੋਂ ਚਲਾਏ ਜਾ ਰਹੇ ਸਕੂਲ ’ਚ ਅੱਠਵੀਂ ਜਮਾਤ ’ਚ ਪੜ੍ਹਦਾ ਹੈ ਅਤੇ ਅਕਸਰ ਲੰਗਰ ਵੰਡਣ ਦੇ ਪ੍ਰੋਗਰਾਮ ’ਚ ਮਦਦ ਕਰਦਾ ਰਹਿੰਦਾ ਹੈ।
ਸ਼ਿਵਮ ਦਾ ਪਿਤਾ ਇਸ ਵੇਲੇ ਰਾਮਗੜ੍ਹ ਸ਼ਹਿਰ ਦੇ ਵਿਕਾਸ ਨਗਰ ਇਲਾਕੇ ’ਚ ਰਹਿੰਦਾ ਹੈ ਅਤੇ ਰਿਕਸ਼ਾ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ।
ਸ਼ਿਵਮ ਨੇ ਕਿਹਾ, ‘‘ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਂ ਅਪਣੀ ਸਾਰੀ ਜ਼ਿੰਦਗੀ ਅਪਣੇ ਪਿਤਾ ਨੂੰ ਕਦੇ ਮਿਲ ਸਕਾਂਗਾ। ਉਨ੍ਹਾਂ ਨੂੰ ਮਿਲਣਾ ਰੱਬ ਦੇ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।’’ ਨੇਗੀ ਨੇ ਕਿਹਾ ਕਿ ਰਸਮੀ ਕਾਰਵਾਈਆਂ ਤੋਂ ਬਾਅਦ ਸ਼ਿਵਮ ਨੂੰ ਉਸ ਦੇ ਪਿਤਾ ਨੂੰ ਸੌਂਪ ਦਿਤਾ ਜਾਵੇਗਾ।
ਸ਼ਿਵਮ ਨੇ ਇਹ ਵੀ ਕਿਹਾ ਕਿ ਉਹ ‘ਡਿਵਾਇਨ ਓਂਕਾਰ ਮਿਸ਼ਨ’ ਨੂੰ ਕਦੇ ਭੁੱਲ ਨਹੀਂ ਸਕੇਗਾ ਜਿੱਥੇ ਉਸ ਦਾ ਬਚਪਨ ਬੀਤਿਆ। ਉਸ ਦੇ ਪਿਤਾ ਨੇ ਵੀ 10 ਸਾਲਾਂ ਤਕ ਉਸ ਦੇ ਪੁੱਤਰ ਦੀ ਦੇਖਭਾਲ ਲਈ ਸੰਗਠਨ ਦਾ ਧਨਵਾਦ ਕੀਤਾ।