ਮੋਟਰਸਾਈਕਲ ਜਾਂ ਸਕੂਟਰ ਨੂੰ ਹਰ ਥਾਂ ਦੋ ਵਿਅਕਤੀਆਂ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ : ਗਡਕਰੀ
ਤਿਰੂਵਨੰਤਪੁਰਮ: ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਕੂਟਰਾਂ-ਮੋਟਰਸਾਈਕਲਾਂ ’ਤੇ ਤੀਜੇ ਵਿਅਕਤੀ ਨੂੰ ਸਫ਼ਰ ਕਰਨ ਦੀ ਇਜਾਜ਼ਤ ਦੇਣਾ ‘ਸਮਝਦਾਰੀ ਨਹੀਂ’ ਹੈ ਕਿਉਂਕਿ ਕਾਨੂੰਨੀ ਰੂਪ ’ਚ ਇਹ ਪਾਬੰਦੀਸ਼ੁਦਾ ਹੈ ਅਤੇ ਮੋਟਰਸਾਈਕਲ ਜਾਂ ਸਕੂਟਰ ਨੂੰ ਹਰ ਥਾਂ ਦੋ ਵਿਅਕਤੀਆਂ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ।
ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਦੇ ਸੰਸਦ ਮੈਂਬਰ ਇਲਾਮਾਰਮ ਕਰੀਮ ਦੀ ਅਪੀਲ ’ਤੇ ਇਹ ਪ੍ਰਤੀਕਿਰਿਆ ਦਿਤੀ ਹੈ।
ਸੀ.ਪੀ.ਐਮ. ਸੰਸਦ ਮੈਂਬਰ ਨੇ ਇਕ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ 10 ਸਾਲਾਂ ਦੀ ਉਮਰ ਤਕ ਦੇ ਬੱਚਿਆਂ ਨੂੰ ਹੈਲਮੇਟ ਪਹਿਨਣ ਵਰਗੇ ਜ਼ਰੂਰੀ ਸੁਰਖਿਆ ਉਪਾਵਾਂ ਦਾ ਪਾਲਣ ਕਰਦਿਆਂ ਦੁਪਹੀਆ ਵਾਹਨਾਂ ’ਤੇ ਤੀਜੇ ਵਿਅਕਤੀ ਦੇ ਰੂਪ ’ਚ ਸਫ਼ਰ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਕੇਰਲ ’ਚ ਖੱਬੇ ਲੋਕਤੰਤਰੀ ਮੋਰਚੇ (ਐਲ.ਡੀ.ਐਫ਼.) ਦੀ ਸਰਕਾਰ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਕੀ ਮੋਟਰ ਵਾਹਨ ਐਕਟ ’ਚ ਇਕ ਸੀਮਤ ਹੱਦ ਤਕ ਇਕ ਬੱਚੇ ਨੂੰ ਦੁਪਹੀਆ ਵਾਹਨ ’ਤੇ ਮਾਤਾ-ਪਿਤਾ ਨਾਲ ਸਫ਼ਰ ਕਰਨ ਦੀ ਇਜਾਜ਼ਤ ਦੇਣ ਲਈ ਕੇਂਦਰ ਨਾਲ ਸੰਪਰਕ ਕੀਤਾ ਜਾਵੇ, ਜਿਵੇਂ ਕਿ ਦਖਣੀ ਸੂਬੇ ’ਚ ਕਈ ਲੋਕ ਮੰਗ ਕਰ ਰਹੇ ਹਨ।