
- ਤੁਰੰਤ ਭਾਰਤੀ ਰੇਲਵੇ 'ਚ ਸਵੈਚਲਿਤ ਰੇਲ ਸੁਰੱਖਿਆ ਸਿਸਟਮ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ
ਨਵੀਂ ਦਿੱਲੀ- ਓਡੀਸ਼ਾ ਰੇਲ ਹਾਦਸੇ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਇਸ ਰੇਲ ਹਾਦਸੇ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਇਕ ਮਾਹਰ ਪੈਨਲ ਗਠਨ ਕਰਨ ਦੀ ਮੰਗ ਕੀਤੀ ਗਈ ਹੈ। ਜਨਹਿੱਤ ਪਟੀਸ਼ਨ 'ਚ ਲੋਕਾਂ ਦੀ ਸੁਰੱਖਿਆ ਲਈ ਤੁਰੰਤ ਪ੍ਰਭਾਵ ਨਾਲ ਭਾਰਤੀ ਰੇਲਵੇ 'ਚ ਸਵੈਚਲਿਤ ਰੇਲ ਸੁਰੱਖਿਆ ਸਿਸਟਮ ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਐਤਵਾਰ ਨੂੰ ਕਿਹਾ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੇ ਸਹੀ ਕਾਰਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਹਾਦਸੇ ਨਾਲ ਪ੍ਰਭਾਵਿਤ ਪਟੜੀਆਂ ਨੂੰ ਬੁੱਧਵਾਰ ਤੱਕ ਆਮ ਸੇਵਾਵਾਂ ਲਈ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ‘ਪੁਆਇੰਟ ਮਸ਼ੀਨ’ ਅਤੇ ‘ਇਲੈਕਟ੍ਰੋਨਿਕ ਇੰਟਰਲਾਕਿੰਗ’ ਸਿਸਟਮ ਨਾਲ ਸਬੰਧਤ ਹੈ।
ਵੈਸ਼ਣਵ ਨੇ ਇਸ ਘਟਨਾ ਦਾ ‘ਕਵਚ’ ਸਿਸਟਮ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹੀ ਹੈ। ਰੇਲ ਮੰਤਰੀ ਨੇ ਕਿਹਾ ਕਿ ਹਾਦਸੇ ਦੀ ਜਾਂਚ ਪੂਰੀ ਕਰ ਲਈ ਗਈ ਹੈ ਅਤੇ ਜਿਵੇਂ ਹੀ ਰੇਲਵੇ ਸੁਰੱਖਿਆ ਕਮਿਸ਼ਨਰ (ਸੀ. ਆਰ. ਐਸ) ਆਪਣੀ ਰਿਪੋਰਟ ਦੇਣਗੇ, ਸਾਰੇ ਵੇਰਵਿਆਂ ਦਾ ਪਤਾ ਲੱਗ ਜਾਵੇਗਾ।